ਸਿੰਗਾਪੁਰ, 19 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਤੇ ਚੀਨ ਆਪਣੇ ਸਬੰਧਾਂ ਨੂੰ ਲੈ ਕੇ ਖਾਸ ਤੌਰ ’ਤੇ ਖਰਾਬ ਦੌਰ ’ਚੋਂ ਲੰਘ ਰਹੇ ਹਨ ਕਿਉਂਕਿ ਪੇਈਚਿੰਗ ਨੇ ਸਮਝੌਤਿਆਂ ਦਾ ਉਲੰਘਣ ਕਰਦਿਆਂ ਕੁਝ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਿਨ੍ਹਾਂ ਪਿੱਛੇ ਉਸ ਕੋਲ ਹੁਣ ਤੱਕ ਭਰੋਸੇਯੋਗ ਸਪੱਸ਼ਟੀਕਰਨ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਦੀ ਲੀਡਰਸ਼ਿਪ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਦੁਵੱਲੇ ਸਬੰਧਾਂ ਨੂੰ ਉਹ ਕਿੱਧਰ ਲਿਜਾਣਾ ਚਾਹੁੰਦੇ ਹਨ। ਇੱਥੇ ਬਲੂਮਬਰਗ ਨਿਊ ਇਕੋਨਾਮਿਕ ਫੋਰਮ ਵੱਲੋਂ ਕਰਵਾਈ ਗੋਸ਼ਟੀ ’ਚ ਇੱਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਚੀਨ ਨੂੰ ਇਸ ਬਾਰੇ ਕੋਈ ਸ਼ੱਕ ਹੈ ਕਿ ਸਾਡੇ ਸਬੰਧ ਕਿਸ ਮੁਕਾਮ ’ਤੇ ਖੜ੍ਹੇ ਹਨ ਅਤੇ ਕੀ ਗੜਬੜ ਹੈ। ਮੇਰੇ ਹਮਰੁਤਬਾ ਵਾਂਗ ਯੀ ਨਾਲ ਮੇਰੀ ਕਈ ਵਾਰ ਮੁਲਾਕਾਤ ਹੋਈ। ਜਿਵੇਂ ਕਿ ਤੁਹਾਨੂੰ ਵੀ ਇਹ ਮਹਿਸੂਸ ਹੋਇਆ ਹੋਵੇਗਾ ਕਿ ਮੈਂ ਬਿਲਕੁਲ ਸਪੱਸ਼ਟ ਗੱਲ ਕਰਦਾ ਹਾਂ। ਇਸ ਲਈ ਸਮਝਿਆ ਜਾ ਸਕਦਾ ਹੈ ਕਿ ਸਪੱਸ਼ਟਤਾ ਦੀ ਕੋਈ ਘਾਟ ਨਹੀਂ ਹੈ। ਜੇਕਰ ਉਹ ਇਸ ਨੂੰ ਸੁਣਨਾ ਚਾਹੁੰਦੇ ਹਨ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਸੁਣਿਆ ਹੋਵੇਗਾ।’ ਚੀਨ ਨਾਲ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਦੇ ਸੰਦਰਭ ’ਚ ਵਿਦੇਸ਼ ਮੰਤਰੀ ਨੇ ਕਿਹਾ, ‘ਅਸੀਂ ਸਾਡੇ ਸਬੰਧਾਂ ’ਚ ਖਾਸ ਤੌਰ ’ਤੇ ਖਰਾਬ ਦੌਰ ’ਚੋਂ ਲੰਘ ਰਹੇ ਹਾਂ ਕਿਉਂਕਿ ਉਨ੍ਹਾਂ ਸਮਝੌਤਿਆਂ ਦੀ ਉਲੰਘਣਾ ਕਰਦਿਆਂ ਕੁਝ ਅਜਿਹੇ ਕਦਮ ਚੁੱਕੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਕੋਲ ਹੁਣ ਤੱਕ ਅਜਿਹਾ ਸਪੱਸ਼ਟੀਕਰਨ ਨਹੀਂ ਹੈ ਜਿਸ ’ਤੇ ਭਰੋਸਾ ਕੀਤਾ ਜਾ ਸਕੇ। ਇਹ ਇਸ ਬਾਰੇ ਸੰਕੇਤ ਦਿੰਦਾ ਹੈ ਕਿ ਇਹ ਸੋਚਿਆ ਜਾਣਾ ਚਾਹੀਦਾ ਹੈ ਕਿ ਉਹ ਸਾਡੇ ਸਬੰਧਾਂ ਨੂੰ ਕਿਸ ਦਿਸ਼ਾ ਵੱਲ ਲਿਜਾਣਾ ਚਾਹੁੰਦੇ ਹਨ ਪਰ ਇਸ ਦਾ ਜਵਾਬ ਉਨ੍ਹਾਂ ਨੇ ਦੇਣਾ ਹੈ।’ -ਪੀਟੀਆਈ
ਅਮਰੀਕਾ ਦੇ ਰਣਨੀਤਕ ਤੌਰ ’ਤੇ ਸੁੰਗੜਨ ਦੀ ਧਾਰਨਾ ਹਾਸੋਹੀਣੀ ਕਰਾਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਸ ਧਾਰਨਾ ਨੂੰ ਹਾਸੋਹੀਣੀ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਕਿ ਅਮਰੀਕਾ ਰਣਨੀਤਕ ਤੌਰ ’ਤੇ ਸੁੰਗੜ ਰਿਹਾ ਹੈ ਤੇ ਸ਼ਕਤੀ ਦੇ ਆਲਮੀ ਪੁਨਰ ਤਾਲਮੇਲ ਵਿਚਾਲੇ ਹੋਰਨਾਂ ਲਈ ਥਾਂ ਬਣਾ ਰਿਹਾ ਹੈ। ਉਨ੍ਹਾਂ ਇੱਥੇ ਕਿਹਾ ਕਿ ਅਮਰੀਕਾ ਅੱਜ ਕਿਤੇ ਵੱਧ ਲਚਕਦਾਰ ਭਾਈਵਾਲ ਹੈ। ਉਹ ਅਤੀਤ ਮੁਕਾਬਲੇ ਵਿਚਾਰਾਂ, ਸੁਝਾਵਾਂ ਤੇ ਕਾਰਜ ਪ੍ਰਬੰਧਾਂ ਦਾ ਵੱਧ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ, ‘ਇਸ ਨੂੰ ਅਮਰੀਕਾ ਦਾ ਕਮਜ਼ੋਰ ਹੋਣਾ ਨਾ ਸਮਝੋ। ਮੈਨੂੰ ਲਗਦਾ ਹੈ ਕਿ ਅਜਿਹਾ ਸੋਚਣਾ ਹਾਸੋਹੀਣੀ ਗੱਲ ਹੈ।’ ਇਸ ਸੈਸ਼ਨ ’ਚ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਤੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਵੀ ਹਿੱਸਾ ਲਿਆ।