ਯੋਰੋਸ਼ਲਮ, 12 ਮਈ
ਇਜ਼ਰਾਈਲ ਤੇ ਫ਼ਲਸਤੀਨੀ ਦਹਿਸ਼ਤਗਰਦਾਂ ਵਿਚਾਲੇ ਜਾਰੀ ਹਿੰਸਕ ਟਕਰਾਅ ਵਿਚ ਇਕ 30 ਸਾਲਾ ਭਾਰਤੀ ਔਰਤ ਦੀ ਵੀ ਮੌਤ ਹੋ ਗਈ ਹੈ। ਉਹ ਇਜ਼ਾਰਾਈਲ ਵਿਚ ਗਾਜ਼ਾ ਤੋਂ ਫ਼ਲਸਤੀਨੀ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਰਾਕੇਟ ਹਮਲੇ ਵਿਚ ਮਾਰੀ ਗਈ ਹੈ। ਮ੍ਰਿਤਕਾ ਦੀ ਸ਼ਨਾਖ਼ਤ ਸੌਮਿਆ ਸੰਤੋਸ਼ ਵਜੋਂ ਹੋਈ ਹੈ ਤੇ ਉਹ ਕੇਰਲਾ ਨਾਲ ਸਬੰਧਤ ਹੈ। ਉਹ ਦੱਖਣੀ ਇਜ਼ਰਾਈਲ ਵਿਚ ‘ਕੇਅਰਗਿਵਰ’ ਵਜੋਂ ਇਕ ਬਿਰਧ ਮਹਿਲਾ ਦੀ ਸਾਂਭ-ਸੰਭਾਲ ਕਰ ਰਹੀ ਸੀ। ਉਸ ਦੀ ਮੌਤ ਇਜ਼ਰਾਈਲ ਦੇ ਤੱਟੀ ਸ਼ਹਿਰ ਐਸ਼ਕੇਲਨ ਵਿਚ ਹੋਈ ਹੈ। ਇਹ ਸ਼ਹਿਰ ਗਾਜ਼ਾ ਪੱਟੀ ਦੇ ਨਾਲ ਲੱਗਦਾ ਹੈ ਜਿਸ ਨੂੰ ਫ਼ਲਸਤੀਨੀ ਦਹਿਸ਼ਤਗਰਦ ਜ਼ੋਰਦਾਰ ਢੰਗ ਨਾਲ ਨਿਸ਼ਾਨਾ ਬਣਾ ਰਹੇ ਹਨ। ਭਾਰਤੀ ਮਹਿਲਾ ਇਜ਼ਰਾਈਲ ਵਿਚ ਪਿਛਲੇ ਸੱਤ ਸਾਲਾਂ ਤੋਂ ਰਹਿ ਰਹੀ ਸੀ। ਉਸ ਦਾ ਇਕ ਨੌਂ ਸਾਲ ਦਾ ਬੇਟਾ ਹੈ ਜਿਸ ਨੂੰ ਉਹ ਕੇਰਲਾ ਵਿਚ ਆਪਣੇ ਪਤੀ ਕੋਲ ਛੱਡ ਗਈ ਸੀ। ਇਜ਼ਰਾਈਲ ਵਿਚ ਭਾਰਤ ਦੇ ਰਾਜਦੂਤ ਰੌਨ ਮਲਕਾ ਨੇ ਟਵੀਟ ਕਰ ਕੇ ਸੰਤੋਸ਼ ਦੀ ਮੌਤ ਉਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਰਾਜਦੂਤ ਨੇ ਇਜ਼ਰਾਈਲ ਸਰਕਾਰ ਵੱਲੋਂ ਕਿਹਾ ‘ਸੌਮਿਆ ਸੰਤੋਸ਼ ਦੇ ਪਰਿਵਾਰ ਨਾਲ ਮੈਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਉਸ ਦੀ ਮੌਤ ‘ਹਮਾਸ’ (ਫ਼ਲਸਤੀਨੀ ਦਹਿਸ਼ਤਗਰਦ ਸੰਗਠਨ) ਦੇ ਅਤਿਵਾਦੀ ਹਮਲੇ ਵਿਚ ਹੋਈ ਹੈ। -ਪੀਟੀਆਈ