ਲੰਡਨ, 3 ਦਸੰਬਰ
ਭਾਰਤ ’ਚ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਕਿਊ ਆਰ ਕੋਡਿਡ ਟੈਕਸਟ ਬੁੱਕ ਕ੍ਰਾਂਤੀ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਨੂੰ 1 ਮਿਲੀਅਨ ਦਾ ‘ਗਲੋਬਲ ਟੀਚਰ ਪ੍ਰਾਈਜ਼ 2020’ ਦੇਣ ਦਾ ਐਲਾਨ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਸ਼ੋਲਾਪੁਰ ਜ਼ਿਲ੍ਹੇ ਦੇ ਪਿੰਡ ਪਰੀਤੇਵਾਦੀ ਪਿੰਡ ਦੇ ਰਣਜੀਤਸਿੰਹ ਡੀਸੇਲ (32) ਨੂੰ ਵਿਸ਼ਵ ਭਰ ’ਚੋਂ ਚੁਣੇ ਗਏ 10 ਅਧਿਆਪਕਾਂ ’ਚੋਂ ਜੇਤੂ ਐਲਾਨਿਆ ਗਿਆ ਹੈ। ਇਹ ਪੁਰਸਕਾਰ ਸਾਲ 2014 ਵਿੱਚ ਵਰਕੇਅ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸਦਾ ਉਦੇਸ਼ ਅਧਿਆਪਕ ਕਿੱਤੇ ’ਚ ਵਿਲੱਖਣ ਯੋਗਦਾਨ ਪਾਉਣ ਵਾਲੇ ਅਧਿਆਪਕ ਦੇ ਕੰਮ ਨੂੰ ਮਾਨਤਾ ਦੇਣਾ ਸੀ। ਇਸ ਮੌਕੇ ਡੀਸੇਲ ਨੇ ਐਲਾਨ ਕੀਤਾ ਕਿ ਉਹ ਇਸ ਰਾਸ਼ੀ ਦਾ 50 ਫ਼ੀਸਦੀ ਹਿੱਸਾ ਆਪਣੇ ਸਹਿਯੋਗੀ ਮੁਕਾਬਲੇਬਾਜ਼ ਅਧਿਆਪਕਾਂ ਨਾਲ ਸਾਂਝੀ ਕਰੇਗਾ ਤਾਂ ਕਿ ਉਨ੍ਹਾਂ ਦੇ ਨਿਵੇਕਲੇ ਕੰਮ ਨੂੰ ਮਾਨਤਾ ਮਿਲ ਸਕੇ।
-ਪੀਟੀਆਈ