ਪੇਈਚਿੰਗ, 2 ਮਈ
‘ਕੁਝ’ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਮੁਕੰਮਲ ਕਰਨ ਲਈ ਚੀਨ ਵੱਲੋਂ ਪਰਤਣ ਦੀ ਆਗਿਆ ਦੇਣ ਦੇ ਐਲਾਨ ਮਗਰੋਂ ਹੁਣ ਉੱਥੇ ਰਹਿ ਰਹੇ ਭਾਰਤ ਦੇ ਪੇਸ਼ੇਵਰ ਕਾਮਿਆਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪਰਿਵਾਰਾਂ ਦੀ ਵਾਪਸੀ ਵੀ ਯਕੀਨੀ ਬਣਾਉਣ ਲਈ ਚੀਨ ਸਰਕਾਰ ਨਾਲ ਗੱਲਬਾਤ ਕਰਨ। ਚੀਨ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਨੇ ਇਸ ਬਾਰੇ ਜੈਸ਼ੰਕਰ ਨੂੰ ਇਕ ਸਾਂਝਾ ਪੱਤਰ ਲਿਖਿਆ ਹੈ। ਇਹ ਭਾਰਤੀ ਨਾਗਰਿਕ ਉੱਥੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਪਰਿਵਾਰਾਂ ਨੂੰ ਆਉਣ ਦੀ ਆਗਿਆ ਨਾ ਮਿਲਣ ਕਾਰਨ ਨਿਰਾਸ਼ ਹਨ। ਸ਼ੰਘਾਈ, ਪੇਈਚਿੰਗ ਤੇ ਕਈ ਹੋਰ ਸ਼ਹਿਰਾਂ ਵਿਚ ਕੰਮ ਕਰ ਰਹੇ ਭਾਰਤੀਆਂ ਨੇ ਕਿਹਾ ਕਿ ਉਹ 26 ਮਹੀਨਿਆਂ ਤੋਂ ਵੱਧ ਸਮੇਂ ਤੋਂ ਕੋਵਿਡ ਕਾਰਨ ਪਰਿਵਾਰਾਂ ਤੋਂ ਵਿਛੜੇ ਹੋਏ ਹਨ। ਇਨ੍ਹਾਂ ਵਿਚੋਂ ਕੁਝ ਅਜਿਹੇ ਵੀ ਹਨ ਜੋ ਆਪਣੇ ਨਵਜੰਮੇ ਬੱਚਿਆਂ ਤੱਕ ਨੂੰ ਨਹੀਂ ਮਿਲ ਸਕੇ ਹਨ। ਕੁਝ ਅਜਿਹੇ ਹਨ ਜਿਨ੍ਹਾਂ ਦੇ ਬੱਚੇ ਚੀਨ ਵਿਚ ਪੜ੍ਹ ਰਹੇ ਸਨ ਤੇ ਵੀਜ਼ਾ ਅਤੇ ਉਡਾਣਾਂ ਰੱਦ ਹੋਣ ਕਾਰਨ ਮੁੜ ਨਹੀਂ ਸਕੇ। ਵੂਹਾਨ ਤੋਂ 2020 ’ਚ ਕਰੋਨਾ ਫੈਲਣ ਕਾਰਨ ਦਰਜਨਾਂ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨੇ ਚੀਨ ਛੱਡ ਦਿੱਤਾ ਸੀ। ਪਰ ਕਈ ਭਾਰਤੀ ਪੇਸ਼ੇਵਰਾਂ ਨੇ ਉੱਥੇ ਆਪਣੇ ਕਾਰੋਬਾਰਾਂ ਤੇ ਚੰਗੀਆਂ ਨੌਕਰੀਆਂ ਕਾਰਨ ਚੀਨ ਨਹੀਂ ਛੱਡਿਆ ਸੀ। ਇਸ ਨਾਲ ਉਨ੍ਹਾਂ ਦੀਆਂ ਜ਼ਿੰਦਗੀਆਂ ’ਤੇ ਮਾੜਾ ਅਸਰ ਪਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਚੀਨ ਨੇ ਭਾਰਤੀ ਵਿਦਿਆਰਥੀਆਂ ਨੂੰ ਪਰਤਣ ਦੀ ਆਗਿਆ ਦੇਣ ਦਾ ਐਲਾਨ ਕੀਤਾ ਸੀ। -ਪੀਟੀਆਈ