ਸਿੰਗਾਪੁਰ, 16 ਫਰਵਰੀ
ਸਿੰਗਾਪੁਰ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਿਰ ਦੇ ਭਾਰਤੀ ਪੁਜਾਰੀ ’ਤੇ ਮੰਦਰ ਜ਼ੇਵਰ ਗਹਿਣੇ ਰੱਖ ਕੇ ਰਕਮ ਇਕੱਠੀ ਕਰਕੇ ਧੋਖਾਧੜੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਾਂਡਾਸਾਮੀ ਸੈਨਾਪਤੀ (37) ’ਤੇ ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਗੰਭੀਰ ਅਪਰਾਧ ਸਬੰਧੀ ਕਾਨੂੰਨ ਤਹਿਤ ਕਰਮਚਾਰੀ ਵਜੋਂ ਧੋਖਾਧੜੀ ਸਮੇਤ ਪੰਜ ਦੋਸ਼ ਲਾਏ ਗਏ ਹਨ। ਸ੍ਰੀ ਮਰੀਅੰਮਨ ਮੰਦਰ ਦੇ ਮੁੱਖ ਪੁਜਾਰੀ ਕਾਂਡਾਸਾਮੀ ’ਤੇ 2016 ਤੋਂ 2020 ਦੌਰਾਨ ਮੰਦਰ ’ਚੋਂ ਸੋਨੇ ਦੇ ਗਹਿਣੇ ਕੱਢਣ ਅਤੇ ਉਨ੍ਹਾਂ ਨੂੰ ਦੁਕਾਨਾਂ ’ਤੇ ਗਹਿਣੇ ਰੱਖ ਕੇ ਪੈਸੇ ਇਕੱਠੇ ਕਰਨ ਦਾ ਦੋਸ਼ ਹੈ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਗਹਿਣੇ ਰੱਖੇ ਗਏ ਜ਼ੇਵਰਾਂ ਦੀ ਕੀਮਤ 20 ਲੱਖ ਸਿੰਗਾਪੁਰੀ ਡਾਲਰ (15 ਲੱਖ ਅਮਰੀਕੀ ਡਾਲਰ) ਤੋਂ ਵੱਧ ਸੀ। ਉਨ੍ਹਾਂ ਦੱਸਿਆ ਕਿ ਕਾਂਡਾਸਾਮੀ ਨੇ 1,41,000 ਡਾਲਰ ਦੇਸ਼ ਤੋਂ ਬਾਹਰ ਭੇਜੇ ਹਨ।
-ਪੀਟੀਆਈ