ਸੰਯੁਕਤ ਰਾਸ਼ਟਰ, 7 ਜੂਨ
ਦੱਖਣੀ ਸੂਡਾਨ ਵਿੱਚ ਸੰਯੁਕਤ ਰਾਸ਼ਟਰ ਦੇ ਮਿਸ਼ਨ (ਯੂਐੱਨਐੱਮਆਈਐੱਸਐੱਸ) ਵਿੱਚ ਤਾਇਨਾਤ ਭਾਰਤੀ ਸ਼ਾਂਤੀਦੂਤਾਂ ਨੂੰ ਉਨ੍ਹਾਂ ਦੀ ਦਲੇਰੀ ਤੇ ਸੇਵਾ ਲਈ ਸਥਾਨਕ ਅਧਿਕਾਰੀਆਂ ਤੇ ਨਾਗਰਿਕਾਂ ਤੋਂ ਸਨਮਾਨ ਤੇ ਪ੍ਰਸ਼ੰਸਾ ਮਿਲ ਰਹੇ ਹਨ। ਸੂਡਾਨ ਵਿੱਚ ਭਾਰਤੀ ਸ਼ਾਂਤੀ ਦੂਤ ਸੰਯੁਕਤ ਰਾਸ਼ਟਰ ਤੋਂ ਮਿਲੇ ਹੁਕਮਾਂ ਤਹਿਤ ਭਾਈਚਾਰਿਆਂ ਦੀ ਮਦਦ ਲਈ ਅਹਿਮ ਸਮਰੱਥਾ ਨਿਰਮਾਣ ਤੇ ਪਸ਼ੂ ਚਕਿਤਸਾ ਸੇਵਾਵਾਂ ਮੁਹੱਈਆ ਕਰਵਾਉਣ ਦੇ ਆਪਣੇ ਫ਼ਰਜ਼ਾਂ ਨਾਲੋਂ ਕਿਤੇ ਵਧ ਯੋਗਦਾਨ ਦੇ ਰਹੇ ਹਨ।
ਸੰਯੁਕਤ ਰਾਸ਼ਟਰ ਦੇ ਸ਼ਾਂਤੀ ਦੂਤ ਮਿਸ਼ਨ ਵਿੱਚ ਭਾਰਤੀ ਬਲਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਸਾਲ ਅਪਰੈਲ ਵਿੱਚ ਦੱਖਣੀ ਸੂਡਾਨ ਦੇ ਉਪਰ ਨੀਲ ਰਾਜ ਵਿੱਚ ਸੇਵਾਵਾਂ ਨਿਭਾ ਰਹੇ 1,160 ਭਾਰਤੀ ਸ਼ਾਂਤੀਦੂਤਾਂ ਨੂੰ ਉਨ੍ਹਾਂ ਦੇ ਮਿਸਾਲੀ ਕਾਰਜਾਂ ਤੇ ਸੇਵਾ ਲਈ ਸੰਯੁਕਤ ਰਾਸ਼ਟਰ ਤਗ਼ਮਿਆਂ ਨਾਲ ਸਨਮਾਨਿਤ ਕੀਤਾ ਗਿਆ ਸੀ। ਦੱਖਣੀ ਸੂਡਾਨ ਦੇ ਮਲਾਕਲ ਵਿੱਚ ਭਾਰਤੀ ਪਸ਼ੂ ਚਕਿਤਸਕ ਲੈਫਟੀਨੈਂਟ ਕਰਨਲ ਫਿਲਿਪ ਵਰਗੀਜ਼ ਨੇ ਇਸ ਖ਼ਬਰ ਏਜੰਸੀ ਨੂੰ ਟੈਲੀਫੋਨ ’ਤੇ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਉਪਰੀ ਨੀਲ ਰਾਜ ਵਿੱਚ ਸਾਡੀ ਇਕਮਾਤਰ ਟੁਕੜੀ ਹੈ, ਜੋ ਪਸ਼ੂ ਚਕਿਤਸਾ ਸਬੰਧੀ ਸਹਿਯੋਗ ਮੁਹੱਈਆ ਕਰਵਾਉਂਦੀ ਹੈ। ਇਸ ਤੋਂ ਇਲਾਵਾ ਅਸੀਂ ਸਮਰੱਥਾ ਨਿਰਮਾਣ, ਵਿਦਿਆਰਥੀਆਂ ਨੂੰ ਕੰਪਿਊਟਰ ਸਬੰਧੀ ਸਿਖਲਾਈ ਦੇਣ ਤੇ ਕੁੜੀਆਂ ਲਈ ਵਿਗਿਆਨਕ ਖੇਤਰ ਵਿੱਚ ਸਿੱਖਿਆ ਜਾਗਰੂਕਤਾ ਪ੍ਰੋਗਰਾਮ ਚਲਾਉਣ ਸਣੇ ਹੋਰ ਹੁਨਰ ਵਿਕਾਸ ਪਹਿਲਕਦਮੀਆਂ ’ਚ ਮਦਦ ਕਰ ਰਹੇ ਹਾਂ।’’ -ਪੀਟੀਆਈ