ਸਿੰਗਾਪੁਰ, 7 ਜੁਲਾਈ
ਭਾਰਤੀ ਮੂਲ ਦੇ ਮਲੇਸ਼ਿਆਈ ਨਸ਼ਾ ਤਸਕਰ ਕਲਵੰਤ ਸਿੰਘ(31) ਨੂੰ ਅੱਜ ਇਥੇ ਫਾਂਸੀ ਦੇ ਦਿੱਤੀ ਗਈ। ਸਿੰਗਾਪੁਰ ਦੀ ਸਿਖਰਲੀ ਅਦਾਲਤ ਨੇ ਸਿੰਘ ਵੱਲੋਂ ਐਨ ਆਖਰੀ ਮੌਕੇ ਮੌਤ ਦੀ ਸਜ਼ਾ ਰੱਦ ਕਰਨ ਸਬੰਧੀ ਅਪੀਲ ਰੱਦ ਕਰ ਦਿੱਤੀ ਸੀ। ਸਿੰਘ ਨੂੰ 2013 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਉਸ ਕੋਲੋਂ 60.15 ਗ੍ਰਾਮ ਡਾਇਆਮੌਰਫਿਨ ਬਰਾਮਦ ਹੋਈ ਸੀ ਤੇ ਉਸ ਉੱਤੇ 120.9 ਗ੍ਰਾਮ ਨਸ਼ਾ ਪਦਾਰਥ ਦੀ ਤਸਕਰੀ ਦਾ ਦੋਸ਼ ਲੱਗਾ ਸੀ। ਉਸ ਨੂੰ 2016 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਦੋਂ ਤੋਂ ਉਸ ’ਤੇ ਮੌਤ ਦੀ ਤਲਵਾਰ ਲਟਕ ਰਹੀ ਸੀ। ਸਿੰਗਾਪੁਰ ਅਥਾਰਿਟੀਜ਼ ਨੇ 30 ਜੂਨ ਨੂੰ ਸਿੰਘ ਦੀ ਮੌਤ ਦੀ ਸਜ਼ਾ ਦੇ ਵਾਰੰਟ ਕੱਢਦਿਆਂ, ਫ਼ਾਂਸੀ ਦੇਣ ਲਈ 7 ਜੁਲਾਈ ਦੀ ਤਰੀਕ ਮੁਕੱਰਰ ਕੀਤੀ ਸੀ। ਦੋ ਮਹੀਨੇ ਪਹਿਲਾਂ ਵੀ ਭਾਰਤੀ-ਮਲੇਸ਼ਿਆਈ ਮੂਲ ਦੇ ਦਿਮਾਗੀ ਤੌਰ ’ਤੇ ਕਮਜ਼ੋਰ ਵਿਅਕਤੀ ਨੂੰ ਨਸ਼ਾ ਤਸਕਰੀ ਲਈ ਫਾਂਸੀ ਦਿੱਤੀ ਗਈ ਸੀ।
ਮਨੁੱਖੀ ਹੱਕਾਂ ਬਾਰੇ ਕਾਰਕੁਨਾਂ ਨੇ ਕਲਵੰਤ ਸਿੰਘ ਦੀ ਫ਼ਾਂਸੀ ਦੀ ਸਜ਼ਾ ਨੂੰ ਰੁਕਵਾਉਣ ਲਈ ਬੁੱਧਵਾਰ ਨੂੰ ਕੁਆਲਾਲੰਪੁਰ ਸਥਿਤ ਸਿੰਗਾਪੁਰ ਹਾਈ ਕਮਿਸ਼ਨ ਦੇ ਸਾਹਮਣੇ ਇਕੱਤਰ ਹੋ ਕੇ ਮੋਮਬੱਤੀ ਮਾਰਚ ਕੀਤਾ ਸੀ। ਮਲੇਸ਼ਿਆਈ ਅਖ਼ਬਾਰ ‘ਦਿ ਸਟਾਰ’ ਨੇ ਸਿੰਗਾਪੁਰ ਦੇ ਮਨੁੱਖੀ ਹੱਕਾਂ ਬਾਰੇ ਕਾਰਕੁਨ ਕਰਸਟਨ ਹਾਨ ਦੇ ਹਵਾਲੇ ਨਾਲ ਸਿੰਘ ਨੂੰ ਫ਼ਾਂਸੀ ਦੇਣ ਦੀ ਪੁਸ਼ਟੀ ਕੀਤੀ ਹੈ। ਸਿੰਗਾਪੁਰ ਦੀ ਚਾਂਗੀ ਜੇਲ੍ਹ ਵਿੱਚ ਸਿੰਘ ਤੋਂ ਇਲਾਵਾ ਸਿੰਗਾਪੁਰ ਦੇ ਨਾਗਰਿਕ ਨੋਰਾਸ਼ਾਰੀ ਗੌਸ ਨੂੰ ਵੀ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਸਜ਼ਾ ਮਗਰੋਂ ਸਿੰਘ ਦੇ ਪਰਿਵਾਰ ਨੂੰ ਉਸ ਦਾ ਸਾਮਾਨ ਤੇ ਮੌਤ ਸਰਟੀਫਿਕੇਟ ਦੇ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਿੰਘ ਨੇ ਆਪਣੀ ਫ਼ਾਂਸੀ ਤੋਂ ਇਕ ਦਿਨ ਪਹਿਲਾਂ ਦਾਖਲ ਕੀਤੀ ਅਪੀਲ ਵਿੱਚ ਦਾਅਵਾ ਕੀਤਾ ਸੀ ਕਿ ਉਹ ਤਾਂ ਮਹਿਜ਼ ਹਰਕਾਰਾ ਸੀ ਤੇ ਉਸ ਨੇ ਪੁਲੀਸ ਨੂੰ ਪੂਰਾ ਸਹਿਯੋਗ ਦਿੱਤਾ ਸੀ। -ਪੀਟੀਆਈ