ਸੰਯੁਕਤ ਰਾਸ਼ਟਰ, 17 ਅਗਸਤ
ਭਾਰਤ ਦੇ ਇਲੈਕਟ੍ਰੌਨਿਕਸ ਤੇ ਸੂਚਨਾ ਤਕਨੀਕ ਮੰਤਰਾਲੇ ’ਚ ਸਕੱਤਰ ਅਲਕੇਸ਼ ਕੁਮਾਰ ਸ਼ਰਮਾ ਨੂੰ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ‘ਇੰਟਰਨੈੱਟ ਗਵਰਨੈਂਸ ਫੋਰਮ’ (ਆਈਜੀਐਫ) ਦੀ ਅਗਵਾਈ ਕਰਨ ਵਾਲੀ ਕਮੇਟੀ ’ਚ ਸ਼ਾਮਲ ਕੀਤਾ ਹੈ। ਪਹਿਲੀ ਵਾਰ ਗਠਿਤ ਇਸ ਕਮੇਟੀ ਵਿਚ ਦੁਨੀਆ ਭਰ ਦੀਆਂ 10 ਅਹਿਮ ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਮੁਖੀ ਵੱਲੋਂ ਡਿਜੀਟਲ ਖੇਤਰ ਵਿਚ ਸਹਿਯੋਗ ਲਈ ਪੈਨਲ ਦਾ ਗਠਨ ਕੀਤਾ ਗਿਆ ਹੈ। ਪੈਨਲ ਵਿਚ ਸ਼ਾਮਲ ਪੰਜ ਹੋਰ ਮੈਂਬਰਾਂ ’ਚ ਅਮਨਦੀਪ ਸਿੰਘ ਗਿੱਲ ਵੀ ਸ਼ਾਮਲ ਹਨ ਜੋ ਕਿ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੇ ਤਕਨੀਕ ਬਾਰੇ ਦੂਤ ਹਨ। ਕਮੇਟੀ ਵਿਚ ਸ਼ਾਮਲ ਹੋਰ ਮੈਂਬਰ ਅਮਰੀਕਾ, ਮਿਸਰ, ਡੈੱਨਮਾਰਕ, ਮੈਕਸਿਕੋ, ਐਸਤੋਨੀਆ, ਫਿਲਪੀਨਜ਼, ਆਸਟਰੀਆ, ਨਾਇਜੀਰੀਆ ਤੇ ਚੀਨ ਤੋਂ ਹਨ। -ਪੀਟੀਆਈ