ਕਾਠਮੰਡੂ: ਇੱਥੇ ਸਥਿਤ ਭਾਰਤ ਦੇ ਸਫ਼ਾਰਤਖਾਨੇ ਨੇ ਆਪਣੇ ਨਾਗਰਿਕਾਂ ਨੂੰ ਤੀਜੇ ਮੁਲਕਾਂ ਵਿੱਚ ਜਾਣ ਲਈ ਨੇਪਾਲ ਦਾ ਸਫ਼ਰ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਸਫ਼ਾਰਤਖਾਨੇ ਨੇ ਇਹ ਸਲਾਹ ਨੇਪਾਲ ਵੱਲੋਂ ਕਰੋਨਾਵਾਇਰਸ ਕੇਸਾਂ ਦੀ ਗਿਣਤੀ ’ਚ ਹੋਏ ਵਾਧੇ ਨਾਲ ਨਜਿੱਠਣ ਦੇ ਯਤਨਾਂ ਦੇ ਹਿੱਸੇ ਵਜੋਂ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਨੇਪਾਲ ਦੀ ਟਰਾਂਜ਼ਿਟ ਪੁਆਇੰਟ ਵਜੋਂ ਵਰਤੋਂ ਕਰਨ ’ਤੇ ਪਾਬੰਦੀ ਲਾਉਣ ਮਗਰੋਂ ਦਿੱਤੀ ਹੈ। ਨੇਪਾਲ ਦੇ ਗ੍ਰਹਿ ਮੰਤਰਾਲੇ ਨੇ ਬੀਤੇ ਦਿਨ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਤੀਜੇ ਮੁਲਕਾਂ ਦੀ ਯਾਤਰਾ ਲਈ ਨੇਪਾਲ ਦੇ ਤ੍ਰਿਭੂਵਨ ਇੰਟਰਨੈਸ਼ਨਲ ਏਅਰਪੋਰਟ ਦੀ ਵਰਤੋਂ ਕਰਨ ’ਤੇ ਰੋਕ ਲਾ ਦਿੱਤੀ ਹੈ। ਇਹ ਪਾਬੰਦੀ 28 ਅਪਰੈਲ ਦੀ ਰਾਤ ਤੋਂ ਸ਼ੁਰੂ ਹੋ ਜਾਵੇਗੀ। -ਪੀਟੀਆਈ