ਪੱਤਰ ਪ੍ਰੇਰਕ
ਟੋਰਾਂਟੋ, 14 ਜੁਲਾਈ
ਕੈਨੇਡਾ ਦੇ ਟੋਰਾਂਟੋ ’ਚ ਪੈਂਦੇ ਰਿਚਮੰਡ ਹਿੱਲ ਵਿਚਲੇ ਮੰਦਰ ਦੇ ਬਾਹਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਭਾਰਤੀ ਕੌਂਸਲ ਜਨਰਲ ਨੇ ਨਿੰਦਾ ਕੀਤੀ ਹੈ। ਪੁਲੀਸ ਇਸ ਘਟਨਾ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਹੀ ਹੈ। ਕੌਂਸਲ ਜਨਰਲ ਨੇ ਟਵੀਟ ਕੀਤਾ, ‘ਰਿਚਮੰਡ ਹਿੱਲ ਦੇ ਵਿਸ਼ਨੂੰ ਮੰਦਰ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਦੀ ਬੇਅਦਬੀ ਤੋਂ ਦੁਖੀ ਹਾਂ। ਭੰਨ-ਤੋੜ ਦੇ ਇਸ ਅਪਰਾਧਿਕ, ਨਫ਼ਰਤ ਭਰੇ ਕਾਰੇ ਨੇ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ।’ ਕਿਸੇ ਨੇ ਕਾਲੇ ਰੰਗ ਦੀ ਸਪਰੇਅ ਨਾਲ ਬੁੱਤ ’ਤੇ ਕੁਝ ਇਤਰਾਜ਼ਯੋਗ ਸ਼ਬਦ ਲਿਖ ਦਿੱਤੇ ਸਨ। ਪੁਲੀਸ ਸੀਸੀਟੀਵੀ ਫੁਟੇਜ ਖੰਗਾਲਣ ਦੇ ਨਾਲ ਚਸ਼ਮਦੀਦ ਦੀ ਭਾਲ ਕਰ ਰਹੀ ਹੈ ਤਾਂ ਜੋ ਸਾਜ਼ਿਸ਼ਕਾਰਾਂ ਬਾਰੇ ਸੁਰਾਗ ਮਿਲ ਸਕੇ।