ਕੋਲੰਬੋ: ਇੱਥੇ ਮੱਛੀਆਂ ਫੜਨ ਵਾਲੀ ਇਕ ਚੌਕਸ ਭਾਰਤੀ ਕਿਸ਼ਤੀ ਵੱਲੋਂ ਚਾਰ ਸ੍ਰੀਲੰਕਾਈ ਮਛੇਰਿਆਂ ਦੀ ਜਾਨ ਬਚਾਈ ਗਈ। ਸ੍ਰੀਲੰਕਾਈ ਮਛੇਰਿਆਂ ਦੀ ਕਿਸ਼ਤੀ ਡੂੰਘੇ ਪਾਣੀ ਵਿਚ ਫਸ ਗਈ ਸੀ, ਜਿਸ ਨੂੰ ਭਾਰਤੀ ਕਿਸ਼ਤੀ ਦੇ ਚਾਲਕ ਦਲ ਨੇ ਖਿੱਚ ਕੇ ਸੁਰੱਖਿਅਤ ਸਥਾਨ ਤੱਕ ਲਿਆਂਦਾ। ਭਾਰਤੀ ਹਾਈ ਕਮਿਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤੀ ਮਿਸ਼ਨ ਨੇ ਦੋਹਾਂ ਦੇਸ਼ਾਂ ਵਿਚਾਲੇ ਸਦਭਾਵਨਾ ਤੇ ਦੋਸਤੀ ਨੂੰ ਉਜਾਗਰ ਕਰਦਿਆਂ ਦੱਸਿਆ, ‘‘ਸ੍ਰੀਲੰਕਾ ਦੀ ਮੱਛੀਆਂ ਫੜਨ ਵਾਲੀ ਕਿਸ਼ਤੀ ਲੁਲੂ-01, ਰਜਿਸਟਰੇਸ਼ਨ ਨੰਬਰ ਆਈਐੱਮਯੂਐੱਲ-ਏ-0039ਟੀਐੱਲਈ, 2 ਦਸੰਬਰ ਨੂੰ ਡੂੰਘੇ ਪਾਣੀ ਵਿਚ ਫਸ ਗਈ ਸੀ।’’ ਬਿਆਨ ਵਿਚ ਕਿਹਾ ਗਿਆ, ‘‘ਮੱਛੀਆਂ ਫੜਨ ਵਾਲੀ ਇਕ ਭਾਰਤੀ ਕਿਸ਼ਤੀ ’ਤੇ ਸਵਾਰ ਲੋਕਾਂ ਨੇ ਡੂੰਘੇ ਪਾਣੀ ਵਿਚ ਫਸੀ ਸ੍ਰੀਲੰਕਾਈ ਕਿਸ਼ਤੀ ਨੂੰ ਚੇਨੱਈ ਦੇ ਉੱਤਰ ਵਿਚ 24 ਸਮੁੰਦਰੀ ਮੀਲ ’ਤੇ ਦੇਖਿਆ। ਉਪਰੰਤ ਭਾਰਤੀ ਕਿਸ਼ਤੀ ਚਾਲਕ ਦਲ ਦੇ ਲੋਕ ਸ੍ਰੀਲੰਕਾਈ ਕਿਸ਼ਤੀ ’ਤੇ ਸਵਾਰ ਲੋਕਾਂ ਦੀ ਸੁਰੱਖਿਆ ਲਈ ਉਨ੍ਹਾਂ ਵੱਲ ਵਧੇ ਅਤੇ ਫਿਰ ਉਸ ਕਿਸ਼ਤੀ ਨੂੰ ਖਿੱਚਦੇ ਹੋਏ ਤਾਮਿਲਨਾਡੂ ਦੇ ਕੱਟੂਪੱਲੀ ਵਿਚ ਅਡਾਨੀ ਬੰਦਰਗਾਹ ’ਤੇ ਸੁਰੱਖਿਅਤ ਲੈ ਆਏ।’’ -ਪੀਟੀਆਈ