ਨਿਊਯਾਰਕ, 27 ਨਵੰਬਰ
ਪਰਵਾਸੀ ਭਾਰਤੀ ਭਾਈਚਾਰੇ ਦੇ ਅਨੇਕਾਂ ਲੋਕਾਂ ਨੇ ਮੁੰਬਈ ’ਚ 26 ਨਵੰਬਰ 2008 ਦੇ ਅਤਿਵਾਦੀ ਹਮਲੇ ਦੀ 12ਵੀਂ ਬਰਸੀ ਮੌਕੇ ਇੱਥੇ ਪਾਕਿਸਤਾਨੀ ਸਫ਼ਾਰਤਖਾਨੇ ਅੱਗੇ ਮੁਜ਼ਾਹਰਾ ਕਰਕੇ ਦੋਸ਼ੀਆਂ ਨੂੰ ਸਜ਼ਾ ਅਤੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕੀਤੀ।
ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਹੱਥਾਂ ’ਚ ਬੈਨਰ ਅਤੇ ਪੋਸਟਰ ਫੜ ਕੇ ਇੱਥੇ ਪਾਕਿਸਤਾਨੀ ਸਫ਼ਾਰਤਖਾਨੇ ਅੱਗੇ ਠੰਢ ਅਤੇ ਮੀਂਹ ਦੇ ਬਾਵਜੂਦ ਪ੍ਰਦਰਸ਼ਨ ਕੀਤਾ। ਹੋਰ ਦੇਸ਼ਾਂ ਦੇ ਨਾਗਰਿਕਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਮੁੰਬਈ ਹਮਲੇ ਦੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕਰਦਿਆਂ ਉਹ ਟਾਈਮਜ਼ ਸਕੁਏਅਰ ਵੀ ਗਏ।
ਇਸ ਮੁਜ਼ਾਹਰੇ ’ਚ ਪਹੁੰਚੇ ਨਿਊਜਰਸੀ ਦੇ ਗਣੇਸ਼ ਨੇ ਪੀਟੀਆਈ ਨੂੰ ਕਿਹਾ, ‘ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਅਤਿਵਾਦ ਨੂੰ ਸਮਰਥਨ ਦੇਣਾ ਜਾਰੀ ਹੈ ਅਤੇ ਉਹ ਅਤਿਵਾਦ ਦਾ ਕੇਂਦਰ ਹੈ।’ ਉਨ੍ਹਾਂ ਕਿਹਾ, ‘ਅਤਿਵਾਦ ਪੂਰੀ ਦੁਨੀਆ ’ਚ ਮਨੁੱਖਤਾ ਲਈ ਇੱਕ ਵੱਡੀ ਚਿੰਤਾ ਹੈ। ਪੂਰੀ ਦੁਨੀਆ ਨੂੰ ਇੱਕਜੁਟ ਹੋ ਕੇ ਮੰਗ ਕਰਨੀ ਚਾਹੀਦੀ ਹੈ ਕਿ ਪਾਕਿਸਤਾਨ ਆਪਣੀ ਜ਼ਮੀਨ ’ਤੇ ਅਤਿਵਾਦੀ ਗੁੱਟਾਂ ਖ਼ਿਲਾਫ਼ ਕਾਰਵਾਈ ਕਰੇ।’ ਉਨ੍ਹਾਂ ਕਿਹਾ ਕਿ ਮੁੰਬਈ ਹਮਲੇ ਦੇ 12 ਵਰ੍ਹਿਆਂ ਮਗਰੋਂ ਵੀ ਪਾਕਿਸਤਾਨ ਨੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। -ਪੀਟੀਆਈ
ਮੁੰਬਈ ਹਮਲੇ ਦੇ ਯਹੂਦੀ ਪੀੜਤਾਂ ਦੀ ਯਾਦ ’ਚ ਪੱਟੀ ਦਾ ਉਦਘਾਟਨ
ਈਲਾਤ/ਬੀਰਸ਼ੇਵਾ: ਯਹੂਦੀ ਕੇਂਦਰ ਚਬਾਡ ਨੇ 26 ਨਵੰਬਰ 2008 ਨੂੰ ਮੁੰਬਈ ਹਮਲੇ ’ਚ ਮਾਰੇ ਗਏ 6 ਯਹੂਦੀਆਂ ਦੀ ਯਾਦ ਵਿੱਚ ਇਜ਼ਾਰਾਈਲ ਦੇ ਦੱਖਣ ਤੱਟੀ ਸ਼ਹਿਰ ਈਲਾਤ ’ਚ ਆਪਣੇ ਪ੍ਰਾਰਥਨਾ ਸਥਾਨ ’ਚ ਇੱਕ ਯਾਦਗਾਰ ਦਾ ਉਦਘਾਟਨ ਕੀਤਾ ਅਤੇ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਕੀਤੀ। ਰੈਵ ਹੇਚ ਅਤੇ ਇਜ਼ਰਾਈਲ ’ਚ ਭਾਰਤੀ ਦੂਤਾਵਾਸ ਦੇ ਸਕੱਤਰ ਰੋਹਿਤ ਮਿਸ਼ਰਾ ਵੱਲੋਂ ਪ੍ਰਾਰਥਨਾ ਗ੍ਰਹਿ ’ਚ ਕੰਧ ’ਤੇ ਯਾਦਗਾਰ (ਪਲਾਸਟਿਕ ਦੀ ਪੱਟੀ) ਦਾ ਉਦਘਾਟਨ ਵੀਰਵਾਰ ਨੂੰ ਕੀਤਾ ਗਿਆ। -ਪੀਟੀਆਈ