ਵਾਸ਼ਿੰਗਟਨ, 10 ਅਗਸਤ
ਵਾਸ਼ਿੰਗਟਨ ਤੇ ਇਸ ਦੇ ਨੇੜਲੇ ਖੇਤਰਾਂ ਵਿੱਚ ਭਾਰਤੀ ਅਮਰੀਕੀਆਂ ਦੇ ਇਕ ਸਮੂਹ ਨੇ ਭਾਰਤ ਬਾਰੇ ਚੀਨ ਦੇ ਹਮਲਾਵਰ ਰੁਖ਼ ਤੇ ਦੇਸ਼ ਦੇ ਗੜਬੜਜ਼ਦਾ ਮੁਸਲਿਮ ਬਹੁਗਿਣਤੀ ਵਾਲੇ ਸ਼ਿਨਜਿਆਂਗ ਖੇਤਰ ਵਿੱਚ ਉਈਗਰ ਘੱਟਗਿਣਤੀ ਭਾਈਚਾਰੇ ਦੇ ਮਨੁੱਖੀ ਹੱਕਾਂ ਦੀ ਹੋ ਰਹੀ ਊਲੰਘਣਾ ਖ਼ਿਲਾਫ਼ ਇਥੇ ਪ੍ਰਦਰਸ਼ਨ ਕੀਤੇ। ਮੁਜ਼ਾਹਰਾਕਾਰੀ ਸਰੀਰਕ ਦੂਰੀ ਨੇਮਾਂ ਦੀ ਪਾਲਣਾ ਕਰਦਿਆਂ ਮੂੰਹ ’ਤੇ ਮਾਸਕ ਪਾਈ ਅਮਨ ਅਮਾਨ ਨਾਲ ਇਤਿਹਾਸਕ ਕੌਮੀ ਮੌਲ ’ਤੇ ਇਕੱਤਰ ਹੋਏ ਤੇ ਉਨ੍ਹਾਂ ਚੀਨ ਵਿਰੋਧੀ ਪੋਸਟਰ ਤੇ ਬੈਨਰ ਵਿਖਾਏ। ਉਨ੍ਹਾਂ ਚੀਨ ਦੀ ਕਮਿਊਨਿਸਟ ਪਾਰਟੀ ਤੇ ਉਹਦੇ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਓਵਰਸੀਜ਼ ਫਰੈਂਡਜ਼ ਆਫ਼ ਬੀਜੇਪੀ ਯੂਐੱਸਏ ਦੇ ਅਦਾਪਾ ਪ੍ਰਸਾਦ ਨੇ ਕਿਹਾ ਕਿ ਇਨ੍ਹਾਂ ਗਰਮੀਆਂ ਵਿੱਚ ਜਦੋਂ ਪੂਰੀ ਦੁਨੀਆ ਕਰੋਨਾ ਵਾਇਰਸ ਨਾਲ ਲੜ ਰਹੀ ਹੈ ਤਾਂ ਦੂਜੇ ਪਾਸੇ ਚੀਨ ਗੁਆਂਂਢੀ ਮੁਲਕ ਦੀ ਜ਼ਮੀਨ ਹਥਿਆਉਣ ਦੀਆਂ ਵਿਉਂਤਾਂ ਘੜ ਰਿਹਾ ਹੈ। ਪ੍ਰਸਾਦ ਨੇ ਕਿਹਾ ਕਿ ਹੁੁਣ ਸਮਾਂ ਹੈ ਜਦੋਂ ਕੁੱਲ ਆਲਮ ਨੂੰ ਚੀਨ ਦੇ ਇਸ ਹਮਲਾਵਰ ਰੁਖ਼ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ ਹੈ। ਭਾਰਤੀ ਮੂਲ ਦੇ ਅਮਰੀਕੀ ਰਿਪਬਲੀਕਨ ਐਂਡ ਪ੍ਰਾਊਡ ਅਮੈਰੀਕਨ ਪੋਲੀਟਿਕਲ ਐਕਸ਼ਨ ਕਮੇਟੀ ਦੇ ਬਾਨੀ ਪੁਨੀਤ ਆਹਲੂਵਾਲੀਆ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੇ ਉਈਗਰ ਭਾਈਚਾਰੇ ਦੇ ਧਾਰਮਿਕ ਅਧਿਕਾਰਾਂ ਤੇ ਹਾਂਗਕਾਂਗ ਦੇ ਲੋਕਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਕੀਤੀ ਹੈ। ਵਰਜੀਨੀਆ ਦੇ ਉਪ ਰਾਜਪਾਲ ਦੀ ਦੌੜ ਵਿੱਚ ਸ਼ਾਮਲ ਆਹਲੂਵਾਲੀਆ ਨੇ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਚੀਨ ਖ਼ਿਲਾਫ਼ ਕੀਤੀ ਸਖ਼ਤੀ ਨੂੰ ਸਹੀ ਦਿਸ਼ਾ ’ਚ ਚੁੱਕਿਆ ਕਦਮ ਕਰਾਰ ਦਿੱਤਾ ਹੈ।