ਵਾਸ਼ਿੰਗਟਨ, 22 ਨਵੰਬਰ
ਭਾਰਤੀ-ਅਮਰੀਕੀਆਂ, ਖਾਸ ਤੌਰ ’ਤੇ ਬਿਹਾਰ, ਝਾਰਖੰਡ ਤੇ ਪੂਰਬੀ ਯੂਪੀ ਦੇ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਨੇ ਅੱਜ ਛੱਠ ਦਾ ਤਿਉਹਾਰ ਮੁਲਕ ਵਿਚ ਵੱਖ-ਵੱਖ ਥਾਵਾਂ ’ਤੇ ਮਨਾਇਆ ਤੇ ਪੂਜਾ ਕੀਤੀ। ਭਾਰਤੀ ਮੂਲ ਦੇ ਅਮਰੀਕੀਆਂ ਨੇ ਕਈ ਥਾਈਂ ਸੂਰਜ ਦੇਵਤਾ ਦੀ ਪੂਜਾ ਕੀਤੀ। ਇਸ ਮੌਕੇ ਭਾਈਚਾਰੇ ਦੇ ਮੈਂਬਰ ਕੋਵਿਡ ਦੇ ਮੱਦੇਨਜ਼ਰ ਘੱਟ ਗਿਣਤੀ ਵਿਚ ਕਈ ਦਰਿਆਵਾਂ-ਝੀਲਾਂ ਦੇ ਕੰਢੇ ਇਕੱਠੇ ਹੋਏ। ਕਈਆਂ ਨੇ ਘਰਾਂ ਵਿਚ ਪੂਲ ’ਤੇ ਹੀ ਪੂਜਾ ਕੀਤੀ।
ਇਸ ਤੋਂ ਇਲਾਵਾ ਕਈਆਂ ਨੇ ਜ਼ੂਮ ਐਪ ਤੇ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਵਰਤੇ। ਚਾਰ ਦਿਨ ਦਾ ਇਹ ਤਿਉਹਾਰ ਸ਼ਨਿਚਰਵਾਰ ਸਵੇਰੇ ਸਮਾਪਤ ਹੋ ਗਿਆ। ਭਾਰਤੀ ਮੂਲ ਦੇ ਸੌਫ਼ਟਵੇਅਰ ਇੰਜਨੀਅਰ ਕ੍ਰਿਪਾ ਸਿੰਘ ਨੇ ਦੱਸਿਆ ਕਿ ਪੂਜਾ ਲਈ ਵੱਧ ਤੋਂ ਵੱਧ ਇਕ ਥਾਂ ਉਤੇ 25 ਜਣੇ ਇਕੱਠੇ ਹੋਏ ਤੇ ਸਮਾਜਿਕ ਦੂਰੀ ਦਾ ਖ਼ਿਆਲ ਰੱਖਿਆ ਗਿਆ। ਪੋਟੋਮੈਕ ਨਦੀ (ਵਾਸ਼ਿੰਗਟਨ ਡੀਸੀ) ਕੰਢੇ ਪੂਜਾ ਦੇਖਣ ਪੁੱਜੇ ਕਈ ਲੋਕਾਂ ਨੇ ਦੂਰੋਂ ਖੜ੍ਹ ਕੇ ਇਸ ਨੂੰ ਦੇਖਿਆ।
ਪੂਰੇ ਈਵੈਂਟ ਨੂੰ ਜ਼ੂਮ ਤੇ ਫੇਸਬੁੱਕ ਉਤੇ ਲਾਈਵ ਦਿਖਾਇਆ ਗਿਆ। ਨੇਪਾਲ ਦੇ ਲੋਕਾਂ ਨੇ ਵੀ ਇਨ੍ਹਾਂ ਸਮਾਰੋਹਾਂ ਵਿਚ ਯੋਗਦਾਨ ਦਿੱਤਾ। ‘ਬਿਹਾਰ ਝਾਰਖੰਡ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ’ ਨੇ ਨਿਊ ਜਰਸੀ ਵਿਚ ਥੌਂਪਸਨ ਦਰਿਆ ਕੰਢੇ ਲਗਾਤਾਰ ਚੌਥੀ ਵਾਰ ਛੱਠ ਪੂਜਾ ਕੀਤੀ। ਨਿਊ ਯਾਰਕ ਦੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਵੀ ਸਮਾਗਮਾਂ ਵਿਚ ਸ਼ਿਰਕਤ ਕੀਤੀ। -ਪੀਟੀਆਈ