ਵਿੱਕੀ ਬਟਾਲਾ
ਇਟਲੀ, 17 ਜਨਵਰੀ
ਇਥੇ ਭਾਰਤੀ ਰਾਜਦੂਤ ਡਾ. ਨੀਨਾ ਮਲਹੋਤਰਾ ਵੱਲੋਂ ਪੰਜਾਬੀ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਕਾਰੋਬਾਰੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਇਟਲੀ ਵਿਚ ਆ ਕੇ ਪੰਜਾਬੀ ਭਾਈਚਾਰੇ ਨੇ ਅਣਥੱਕ ਮਿਹਨਤ ਨਾਲ ਜਿਥੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ ਉਥੇ ਹੀ ਉਨ੍ਹਾਂ ਵੱਡੇ ਕਾਰੋਬਾਰ ਵੀ ਸਥਾਪਤ ਕੀਤੇ ਹਨ। ਉਹ ਜਗੀਰ ਸਿੰਘ ਦੇ ਡੇਅਰੀ ਫਾਰਮ ਪੁੱਜੇ ਤੇ ਉਥੇ ਕੰਮ ਕਰਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ।
ਜ਼ਿਕਰਯੋਗ ਹੈ ਕਿ ਜਗੀਰ ਸਿੰਘ ਦਾ ਪਰਿਵਾਰ ਪਾਰਮਾ ਵਿਚ ਦੋ ਦਹਾਕਿਆਂ ਤੋਂ ਡੇਅਰੀ ਫਾਰਮ ਚਲਾ ਰਿਹਾ ਹੈ ਜਿਥੋਂ ਰੋਜ਼ਾਨਾ ਦੋ ਸੌ ਗਾਵਾਂ ਦਾ ਦੁੱਧ ਫੈਕਟਰੀਆਂ ਵਿਚ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਟਲੀ ਵਿਚ ਭਾਰਤੀ ਲੋਕਾਂ ਦੇ ਯੋਗਦਾਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।