ਵਾਸ਼ਿੰਗਟਨ, 3 ਜੂਨ
ਅਮਰੀਕਾ ’ਚ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਉੱਚ ਅਮਰੀਕੀ ਕੰਪਨੀਆਂ, ਜਿਨ੍ਹਾਂ ਵਿੱਚ ਖਾਸਕਰ ਦਵਾ ਨਿਰਮਾਣ ਸੈਕਟਰ ਦੀਆਂ ਕੰਪਨੀਆਂ ਸ਼ਾਮਲ ਹਨ, ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ’ਜ਼) ਨਾਲ ਮੀਟਿੰਗ ਕਰਦਿਆਂ ਕਰੋਨਾ ਮਹਾਮਾਰੀ ਦੇ ਟਾਕਰੇ ਲਈ ਜ਼ਰੂਰੀ ਮੈਡੀਕਲ ਉਪਕਰਨਾਂ ਅਤੇ ਦਵਾਈਆਂ ਨਾਲ ਭਾਰਤ ਦੀ ਮਦਦ ਸਬੰਧੀ ਗੱਲਬਾਤ ਕੀਤੀ। ਬੁੱਧਵਾਰ ਨੂੰ ਮੀਟਿੰਗਾਂ ਮਗਰੋਂ ਭਾਰਤੀ ਰਾਜਦੂਤ ਸ੍ਰੀ ਸੰਧੂ ਨੇ ਟਵੀਟ ਕੀਤਾ, ‘ਅੱਜ ਦੁਪਹਿਰ ਮੈਡੀਟਰੌਨਿਕ ਦੇ ਸੀਈਓ ਜਿਓਫ ਮਾਰਥਾ ਅਤੇ ਹੋਰ ਸਹਿਯੋਗੀਆਂ ਨਾਲ ਉਨ੍ਹਾਂ ਵੱਲੋਂ ਕਰੋਨਾ ਦੇ ਟਾਕਰੇ ਲਈ ਵੈਂਟੀਲੇਟਰਾਂ ਸਣੇ ਹੋਰ ਸਾਮਾਨ ਨਾਲ ਭਾਰਤ ਦੀ ਕੀਤੀ ਜਾ ਰਹੀ ਮਦਦ ਬਾਰੇ ਗੱਲਬਾਤ ਕੀਤੀ।’ ਅਮਰੀਕਾ ਦੇ ਫਾਰਮਾ ਸੈਕਟਰ ਦੀਆਂ ਉੱਚ ਕੰਪਨੀਆਂ ਦੇ ਸੀਈਓ’ਜ਼ ਨਾਲ ਮੀਟਿੰਗਾਂ ਦੀ ਇੱਕ ਲੜੀ ਮਗਰੋਂ ਸੰਧੂ ਨੇ ਕਿਹਾ, ‘ਐਕਸਟਰਾਕੋਰਪੋਰੀਅਲ ਮੈਂਬਰੇਨ ਆਕਸੀਜਨੇਸ਼ਨ (ਈਸੀਐੱਮਓ) ਮਸ਼ੀਨਾਂ ਅਤੇ ਭਾਰਤ ਵਿੱਚ ਸਿਹਤ ਸੰਭਾਲ ਦੇ ਖੇਤਰ ’ਚ ਨਿਵੇਸ਼ ਬਾਰੇ ਵੀ ਚਰਚਾ ਕੀਤੀ।’ ਜ਼ਿਕਰਯੋਗ ਹੈ ਮੈਡਟਰੌਨਿਕ ਵੱਲੋਂ ਕਰੋਨਾ ਲਾਗ ਦੇ ਟਾਕਰੇ ਲਈ ਭਾਰਤ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਭਾਰਤ ਵਿੱਚ ਕੰਪਨੀ ਦੇ ਦੋ ਖੋਜ ਕੇਂਦਰ ਵੀ ਹਨ।
ਵਰਚੁਅਲ ਮੀਟਿੰਗਾਂ ਦੌਰਾਨ ਸੰਧੂ ਨੇ ਇਸ ਗੱਲ ਨੂੰ ਉਭਾਰਿਆ ਕਿ ਗਿਆਨ ਅਤੇ ਸਿੱਖਿਆ ਭਾਈਵਾਲੀ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਦਾ ਮੁੱਖ ਥੰਮ੍ਹ ਹੈ। ਉਨ੍ਹਾਂ ਨੇ ਅਮਰੀਕਾ ਦੀ ਲਾਈਫ ਸਾਇੰਸ ਬਾਰੇ ਕੰਪਨੀ ਅਵੈਂਟਰ ਦੇ ਪ੍ਰਧਾਨ ਅਤੇ ਸੀਈਓ ਮਾਈਕਲ ਸਟੱਬਲਫੀਲਡ ਨਾਲ ਵੀ ਮੀਟਿੰਗ ਕੀਤੀ। ਅਵੈਂਟਰ ਵੱਲੋਂ ਭਾਰਤ ਦੀਆਂ ਕਈ ਕੰਪਨੀਆਂ, ਜਿਨ੍ਹਾਂ ’ਚ ਨੋਵਾਵੈਕਸ ਵੈਕਸੀਨ ਅਤੇ ਬਾਇਓਲੋਜੀਕਲ-ਈ ਕੋਵਿਡ ਵੈਕਸੀਨ ਦੇ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਵੀ ਸ਼ਾਮਲ ਹਨ, ਨੂੰ ਕੱਚੇ ਮਾਲ ਦੀ ਸਪਲਾਈ ਕੀਤੀ ਜਾ ਰਹੀ ਹੈ। ਸ੍ਰੀ ਸੰਧੂ ਨੇ ਏਅਰ ਪ੍ਰੋਡਕਟ, ਐਡਵਾਮੈਡ, ਫਾਈਜ਼ਰ, ਜੌਹਨਸਨ ਐਂਡ ਜੌਹਨਸਨ, ਲਿੰਗੈਂਡ ਫਾਰਮਾ ਤੋਂ ਇਲਾਵਾ ਵਾਲਮਾਰਟ, ਡੈੱਲ ਤਕਨਲੋਜੀਜ਼, ਯੂੁਨਾਈਟਿਡ ਏਅਰਲਾਈਨਜ਼, ਥਰਮੋਫਿਸ਼ਰ ਸਾਇੰਟੇਫਿਕ ਅਤੇ ਪਾਲ ਕਾਰਪੋਰਸ਼ਨ ਅਤੇ ਹੋਰ ਕੰਪਨੀਆਂ ਦੇ ਅਧਿਕਾਰੀਆਂ ਨਾਲ ਵੀ ਵੱਖਰੇ ਤੌਰ ’ਤੇ ਮੀਟਿੰਗਾਂ ਕੀਤੀਆਂ।
ਅਮਰੀਕਾ-ਭਾਰਤ ਫਾਊਂਡੇਸ਼ਨ ਨੇ 12 ਲੱਖ ਡਾਲਰ ਫੰਡ ਜੁਟਾਇਆ
ਵਾਸ਼ਿੰਗਟਨ: ਅਮਰੀਕਾ-ਭਾਰਤ ਚੈਂਬਰ ਆਫ ਕਾਮਰਸ ਫਾਊਂਡੇਸ਼ਨ ਨੇ ਕਰੋਨਾ ਮਹਾਮਾਰੀ ਖ਼ਿਲਾਫ਼ ਭਾਰਤ ਦੀ ਮਦਦ ਲਈ 12 ਲੱਖ ਡਾਲਰ ਫੰਡ ਇਕੱਠਾ ਕੀਤਾ ਹੈ। ਸੰਸਥਾ ਨੇ ਬੁੱਧਵਾਰ ਨੂੰ ਇੱਕ ਬਿਆਨ ਰਾਹੀਂ ਕਿਹਾ ਕਿ ਰਿਕਾਰਡਤੋੜ ਫੰਡ ਇਕੱਠਾ ਕਰਕੇ ਅਮਰੀਕਾ-ਭਾਰਤ ਚੈਂਬਰ ਆਫ ਕਾਮਰਸ ਫਾਊਂਡੇਸ਼ਨ ਵੱਲੋਂ ਲੱਗਪਗ 120 ਵੈਂਟੀਲੇਟਰ ਅਤੇ ਇੱਕ ਹਜ਼ਾਰ ਤੋਂ ਵੱਧ ਆਕਸੀਜਨ ਕੰਸਨਟਰੇਟਰ ਭੇਜੇ ਗਏ ਜਾਂ ਭੇਜੇ ਜਾ ਰਹੇ ਹਨ। ਬਿਆਨ ਮੁਤਾਬਕ ਕੁਝ ਮੈਡੀਕਲ ਉਪਕਰਨ ਭਾਰਤ ਦੇ ਕੁਝ ਹਸਪਤਾਲਾਂ ’ਚ ਪਹੁੰਚ ਚੁੱਕੇ ਹਨ। ਫਾਊਂਡੇਸ਼ਨ ਦੇ ਪ੍ਰਧਾਨ ਨੀਲ ਗੋਨੂਗੁੰਤਲਾ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਟੈਕਸਾਸ ਅਧਾਰਿਤ ਭਾਰਤੀ-ਅਮਰੀਕੀ ਭਾਈਚਾਰਾ ਆਪਣੇ ਯੋਗਦਾਨ ਰਾਹੀਂ ਭਾਰਤ ਵਾਸੀਆਂ ਦੀ ਜਲਦ ਸਹਿਤਯਾਬੀ ਲਈ ਦੁਆਵਾਂ ਕਰ ਰਿਹਾ ਹੈ। -ਪੀਟੀਆਈ