ਲੰਡਨ: ਇੰਗਲੈਂਡ ਵਿਚ ਭਾਰਤੀ ਮੂਲ ਦਾ ਇਕ ‘ਗੁਰੂ’ ਜਿਨਸੀ ਹਮਲੇ ਦੇ ਕੇਸ ਵਿਚ ਕਾਨੂੰਨੀ ਲੜਾਈ ਹਾਰ ਗਿਆ ਹੈ। ਰਾਜਿੰਦਰ ਕਾਲੀਆ (65) ਕੋਵੈਂਟਰੀ ਵਿਚ 1986 ਤੋਂ ਇਕ ਰਜਿਸਟਰਡ ਸੁਸਾਇਟੀ/ਧਾਰਮਿਕ ਸੰਗਠਨ ਦਾ ਮੁਖੀ ਹੈ। ਉਸ ’ਤੇ ਕਈ ਸਾਬਕਾ ‘ਸ਼ਰਧਾਲੂਆਂ’ ਨੇ ਜਿਨਸੀ ਹਮਲੇ ਦੇ ਦੋਸ਼ ਲਾਏ ਸਨ ਤੇ ਲੱਖਾਂ ਪਾਊਂਡ ਮੁਆਵਜ਼ਾ ਮੰਗਿਆ ਸੀ। ਕਾਲੀਆ ਨੇ ਪਿਛਲੇ ਸਾਲ ਅਗਸਤ ਵਿਚ ਅਦਾਲਤ ਤੋਂ ਕੇਸ ਖਾਰਜ ਕਰਨ ਦੀ ਮੰਗ ਕੀਤੀ ਸੀ ਤੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਰਾਜਿੰਦਰ ਕਾਲੀਆ ਲੰਡਨ ਦੇ ਹਾਈ ਕੋਰਟ ਵਿਚ ਇਹ ਕੇਸ ਹਾਰ ਗਿਆ ਹੈ ਹੁਣ ਸਿਵਲ ਅਦਾਲਤ ਵਿਚ ਉਸ ਦੇ ਖ਼ਿਲਾਫ਼ ਮੁਕੱਦਮਾ ਚੱਲੇਗਾ। ਕਾਲੀਆ ਦਾਅਵਾ ਕਰਦਾ ਰਿਹਾ ਹੈ ਕਿ ‘ਉਹ ਰੱਬ ਨਾਲ ਗੱਲ ਕਰ ਸਕਦਾ ਹੈ ਤੇ ਪ੍ਰਮਾਤਮਾ ਦਾ ਹੀ ਰੂਪ ਹੈ।’ ਉਸ ਨੇ ਅਦਾਲਤ ਵਿਚ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਭਾਰਤੀ ਮੂਲ ਦੇ ਸੱਤ ਜਣਿਆਂ ਨੇ ਦੋਸ਼ ਲਾਇਆ ਸੀ ਕਿ ਕਾਲੀਆ 1987 ਤੋਂ ਲਗਾਤਾਰ ਉਪਦੇਸ਼ ਤੇ ਸਿੱਖਿਆਵਾਂ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਇਸ ਦੌਰਾਨ ਉਸ ਨੇ ਕਈ ‘ਚਮਤਕਾਰ’ ਦਿਖਾ ਕੇ ਵੀ ਉਨ੍ਹਾਂ ਉਤੇ ਪ੍ਰਭਾਵ ਜਮਾਉਣ ਦੀ ਕੋਸ਼ਿਸ਼ ਕੀਤੀ। -ਪੀਟੀਆਈ