ਵਾਸ਼ਿੰਗਟਨ, 22 ਮਾਰਚ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਯੂਕਰੇਨ ਉਤੇ ਰੂਸ ਦੇ ਹਮਲੇ ਵਿਰੁੱਧ ਸਮਰਥਨ ਦਿਖਾਉਣ ਵਿਚ ਭਾਰਤ ਦੀ ਸਥਿਤੀ ‘ਥੋੜ੍ਹੀ ਡਾਵਾਂਡੋਲ’ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਜ਼ਿਆਦਾਤਰ ਮਿੱਤਰਾਂ ਤੇ ਸਹਿਯੋਗੀਆਂ ਨੇ ਵਲਾਦੀਮੀਰ ਪੂਤਿਨ ਦੇ ‘ਹਮਲਾਵਰ ਰੁਖ਼’ ਨਾਲ ਨਜਿੱਠਣ ਵਿਚ ਇਕਜੁੱਟਤਾ ਦਿਖਾਈ ਹੈ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦੇ ਹਮਲਾਵਰ ਰੁਖ਼ ਦੇ ਜਵਾਬ ਵਿਚ ਅਸੀਂ ਨਾਟੋ ਤੇ ਪ੍ਰਸ਼ਾਂਤ ਖੇਤਰ ਵਿਚ ਇਕਜੁੱਟਤਾ ਦਿਖਾਈ ਹੈ। ਭਾਰਤ ਤੋਂ ਇਲਾਵਾ ਕੁਆਡ ਇਕਜੁੱਟ ਹੈ। ਭਾਰਤ ਦੀ ਸਥਿਤੀ ਪੂਤਿਨ ਦੇ ਹਮਲੇ ਨਾਲ ਨਜਿੱਠਣ ਦੇ ਲਿਹਾਜ਼ ਨਾਲ ਥੋੜ੍ਹੀ ਡਾਵਾਂਡੋਲ ਹੈ ਪਰ ਜਾਪਾਨ ਤੇ ਆਸਟਰੇਲੀਆ ਬਹੁਤ ਮਜ਼ਬੂਤ ਹਨ। -ਪੀਟੀਆਈ