ਸੰਯੁਕਤ ਰਾਸ਼ਟਰ, 12 ਜੁਲਾਈ
ਮੁੱਖ ਅੰਸ਼
- ਸੰਯੁਕਤ ਰਾਸ਼ਟਰ ਦੇ ਅਧਿਕਾਰੀ ਮੁਤਾਬਕ ਭਾਰਤ ਦੀ ਭੂਮਿਕਾ ਬਦਲੇਗੀ
- ਸਲਾਮਤੀ ਪਰਿਸ਼ਦ ਦੀ ਪੱਕੀ ਮੈਂਬਰਸ਼ਿਪ ਲਈ ਦਾਅਵਾ ਹੋਵੇਗਾ ਮਜ਼ਬੂਤ
ਭਾਰਤ ਜੇਕਰ ਸੰਨ 2023 ਤੱਕ ਵਿਸ਼ਵ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਂਦਾ ਹੈ ਤਾਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਇਸ ਦੇ ਸਥਾਈ ਮੈਂਬਰ ਬਣਨ ਦੇ ਦਾਅਵੇ ਨੂੰ ਹੋਰ ਬਲ ਮਿਲ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੇ ਦਾਅਵੇ ਨੂੰ ਮਜ਼ਬੂਤੀ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਰਿਲੀਜ਼ ਇਕ ਰਿਪੋਰਟ ਵਿਚ ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਅਗਲੇ ਸਾਲ ਤੱਕ ਭਾਰਤ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਦੁਨੀਆ ਦੀ ਆਬਾਦੀ ਨਵੰਬਰ, 2022 ਤੱਕ ਅੱਠ ਅਰਬ ਹੋ ਜਾਵੇਗੀ। ਆਲਮੀ ਪੱਧਰ ਉਤੇ ਆਬਾਦੀ 1950 ਤੋਂ ਸੁਸਤ ਦਰ ਨਾਲ ਵਧ ਰਹੀ ਹੈ। ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਬਾਰੇ ਵਿਭਾਗ ਦੀ ਆਬਾਦੀ ਡਿਵੀਜ਼ਨ ਦੇ ਡਾਇਰੈਕਟਰ ਜੌਹਨ ਵਿਲਮੌਥ ਨੇ ਕਿਹਾ ਕਿ ਭਾਰਤ ਵੱਡੀ ਆਬਾਦੀ ਵਾਲੇ ਮੁਲਕ ਵਜੋਂ ਉੱਭਰ ਰਿਹਾ ਹੈ ਤੇ ‘ਇਸ ਦਾ ਹੁਣ ਕਈ ਚੀਜ਼ਾਂ ਉਤੇ ਦਾਅਵਾ ਮਜ਼ਬੂਤ ਹੋ ਰਿਹਾ ਹੈ।’ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਭੂਮਿਕਾ ਬਦਲ ਸਕਦੀ ਹੈ, ਸਲਾਮਤੀ ਕੌਂਸਲ ਵਿਚ ਦਾਅਵੇਦਾਰੀ ਵੀ ਮਜ਼ਬੂਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਲੰਮੇ ਸਮੇਂ ਤੋਂ ਸਲਾਮਤੀ ਕੌਂਸਲ ਵਿਚ ਸੁਧਾਰਾਂ ਦੀ ਮੰਗ ਕਰ ਰਿਹਾ ਹੈ। ਭਾਰਤ ਨੇ ਕਈ ਵਾਰ ਪੱਕੇ ਮੈਂਬਰ ਵਜੋਂ ਦਾਅਵਾ ਵੀ ਪੇਸ਼ ਕੀਤਾ ਹੈ। -ਪੀਟੀਆਈ