ਸੰਯੁਕਤ ਰਾਸ਼ਟਰ, 12 ਜੂਨ
ਭਾਰਤ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਸਣੇ ਸਾਰੇ ਦੇਸ਼ਾਂ ਨਾਲ “ਆਮ ਵਰਗੇ” ਦੋਸਤਾਨਾ ਸਬੰਧ ਚਾਹੁੰਦਾ ਹੈ ਅਤੇ ਇਸਲਾਮਾਬਾਦ ਦੀ ਜ਼ਿੰਮੇਦਾਰੀ ਹੈ ਕਿ ਉਹ “ਢੁਕਵਾਂ ਮਾਹੌਲ” ਪੈਦਾ ਕਰੇ ਅਤੇ ਆਪਣੇ ਖੇਤਰ ਦੀ ਕਿਸੇ ਵੀ ਢੰਗ ਨਾਲ ਭਾਰਤ ਦੇ ਖ਼ਿਲਾਫ਼ ਅਤਿਵਾਦ ਲਈ ਵਰਤੋਂ ਨਾ ਹੋਣ ਦੇਵੇ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਸਲਾਹਕਾਰ ਆਰ ਮਧੂਸੂਦਨ ਨੇ ‘2020 ਲਈ ਸੁਰੱਖਿਆ ਪਰਿਸ਼ਦ ਦੀ ਰਿਪੋਰਟ’ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਵਿੱਚ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਇਹ ਰੁਖ਼ ਰਿਹਾ ਹੈ ਕਿ ਜੇ ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਮਸਲਾ ਹੈ ਤਾਂ ਉਸ ਦਾ ਹਲ ਦੁਵੱਲੇ ਤੇ ਸ਼ਾਂਤੀ ਨਾਲ ਕੱਢਿਆ ਜਾਵੇ ਤੇ ਉਹ ਵੀ ਭੈਅ, ਦੁਸ਼ਮਨੀ ਤੇ ਹਿੰਸਾ ਮੁਕਤ ਮਾਹੌਲ ਵਿੱਚ। ਇਹ ਹੁਣ ਪਾਕਿਸਤਾਨ ਦੀ ਜ਼ਿੰਮੇਦਾਰੀ ਹੈ ਕਿ ਉਹ ਇਹ ਢੁਕਵਾਂ ਮਾਹੌਲ ਪੈਦਾ ਕਰੇ।