ਸੰਯੁਕਤ ਰਾਸ਼ਟਰ, 12 ਜੂਨ
ਭਾਰਤ ਨੇ ਕਿਹਾ ਹੈ ਕਿ ਇਹ ਪਾਕਿਸਤਾਨ ਸਣੇ ਆਪਣੇ ਸਾਰੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਰਿਸ਼ਤੇ ਚਾਹੁੰਦਾ ਹੈ। ਭਾਰਤ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਇਸਲਾਮਾਬਾਦ ਦੀ ਹੈ ਕਿ ਉਹ ‘ਸੁਖਾਵਾਂ ਵਾਤਾਵਰਨ’ ਸਿਰਜੇ ਤੇ ਆਪਣੇ ਖੇਤਰ ਨੂੰ ਭਾਰਤ ਖ਼ਿਲਾਫ਼ ਸਰਹੱਦ ਪਾਰੋਂ ਅਤਿਵਾਦ ਲਈ ਵਰਤਣ ਦੀ ਇਜਾਜ਼ਤ ਨਾ ਦੇਵੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਕੌਂਸਲਰ ਆਰ. ਮਧੂ ਸੂਦਨ ਨੇ ਇਹ ਟਿੱਪਣੀਆਂ ਸੰਯੁਕਤ ਰਾਸ਼ਟਰ ਆਮ ਇਜਲਾਸ ਦੀ ਇਕ ਬੈਠਕ ਵਿਚ ਕੀਤੀਆਂ। ਇਹ ਮੀਟਿੰਗ ‘2020 ਬਾਰੇ ਸਲਾਮਤੀ ਕੌਂਸਲ ਦੀ ਰਿਪੋਰਟ’ ਬਾਰੇ ਸੀ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਸਥਾਈ ਪ੍ਰਤੀਨਿਧੀ ਮੁਨੀਰ ਅਕਰਮ ਨੇ ਆਪਣੇ ਸੰਬੋਧਨ ਵਿਚ ਜੰਮੂ ਕਸ਼ਮੀਰ ਦਾ ਮੁੱਦਾ ਉਠਾਇਆ। ਸੂਦਨ ਨੇ ਕਿਹਾ ਕਿ ਇਹ ‘ਮੰਦਭਾਗਾ’ ਹੈ ਕਿ ਪਾਕਿਸਤਾਨ ਲਗਾਤਾਰ ‘ਡਰਾਮੇਬਾਜ਼ੀ’ ਕਰਦਾ ਹੈ ਪਰ ਮੰਚ ਦੀ ਵਰਤੋਂ ਸਹੀ ਢੰਗ ਨਾਲ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰਾ ਹੁਣ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਮੂਰਖ ਬਣਨ ਵਾਲਾ ਨਹੀਂ ਹੈ। ਸੂਦਨ ਨੇ ਕਿਹਾ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਅਸੈਂਬਲੀ ’ਚ ਤੋੜ-ਮਰੋੜ ਕੇ ਬਿਆਨਬਾਜ਼ੀ ਕਰਦਾ ਹੈ ਤੇ ਇਕ ਵਾਰ ਫੇਰ ਅਜਿਹਾ ਮੁੱਦਾ ਉਠਾ ਰਿਹਾ ਹੈ ਜੋ ਕਿ ਭਾਰਤ ਦਾ ਅੰਦਰੂਨੀ ਮਸਲਾ ਹੈ। -ਪੀਟੀਆਈ