ਸੰਯੁਕਤ ਰਾਸ਼ਟਰ, 11 ਅਕਤੂਬਰ
ਭਾਰਤ ਨੇ ਯੂਕਰੇਨ ਦੇ ਚਾਰ ਖਿੱਤਿਆਂ ’ਤੇ ਰੂਸ ਦੇ ‘ਗ਼ੈਰਕਾਨੂੰਨੀ’ ਕਬਜ਼ੇ ਦੀ ਨਿੰਦਾ ਸਬੰਧੀ ਮਤੇ ਦੇ ਖਰੜੇ ’ਤੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ’ਚ ਗੁਪਤ ਵੋਟਿੰਗ ਕਰਵਾਉਣ ਦੀ ਰੂਸ ਦੀ ਮੰਗ ਖ਼ਿਲਾਫ਼ ਵੋਟ ਪਾਈ ਹੈ। ਭਾਰਤ ਸਮੇਤ 100 ਤੋਂ ਵੱਧ ਮੁਲਕਾਂ ਨੇ ਜਨਤਕ ਵੋਟਿੰਗ ਦੇ ਹੱਕ ’ਚ ਵੋਟ ਪਾਈ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਬੀਤੇ ਦਿਨ ਅਲਬਾਨੀਆ ਦੇ ਉਸ ਮਤੇ ’ਤੇ ਵੋਟਿੰਗ ਕੀਤੀ ਜਿਸ ’ਚ ਰੂਸ ਦੀ ‘ਗ਼ੈਰਕਾਨੂੰਨੀ ਰਾਏਸ਼ੁਮਾਰੀ’ ਅਤੇ ਦੋਨੇਤਸਕ, ਖੇਰਸਾਨ, ਲੁਹਾਂਸਕ ਤੇ ਜ਼ਾਪੋਰਿਜ਼ੀਆ ’ਤੇ ਗ਼ੈਰਕਾਨੂੰਨੀ ਕਬਜ਼ੇ ਦੀ ਕੋਸ਼ਿਸ਼ ਦੀ ਨਿੰਦਾ ਕਰਨ ਸਬੰਧੀ ਮਤੇ ਦੇ ਖਰੜਾ ’ਤੇ ਜਨਤਕ ਵੋਟਿੰਗ ਦੀ ਮੰਗ ਕੀਤੀ ਗਈ ਸੀ। ਰੂਸ ਨੇ ਹਾਲਾਂਕਿ ਇਸ ਮੁੱਦੇ ’ਤੇ ਗੁਪਤ ਵੋਟਿੰਗ ਦੀ ਮੰਗ ਕੀਤੀ ਸੀ। ਭਾਰਤ ਸਮੇਤ ਸੰਯੁਕਤ ਰਾਸ਼ਟਰ ਦੇ 107 ਮੈਂਬਰ ਮੁਲਕਾਂ ਨੇ ਜਨਤਕ ਵੋਟਿੰਗ ਦੇ ਹੱਕ ’ਚ ਵੋਟ ਪਾਈ ਜਿਸ ਨਾਲ ਰੂਸ ਦੀ ਮੰਗ ਖਾਰਜ ਹੋ ਗਈ। ਸਿਰਫ਼ 13 ਮੁਲਕਾਂ ਨੇ ਗੁਪਤ ਵੋਟਿੰਗ ਦੇ ਹੱਕ ’ਚ ਵੋਟ ਪਾਈ ਜਦਕਿ 39 ਦੇਸ਼ ਵੋਟਿੰਗ ’ਚ ਸ਼ਾਮਲ ਨਹੀਂ ਹੋਏ। ਰੂਸ ਤੇ ਚੀਨ ਨੇ ਵੀ ਵੋਟਿੰਗ ’ਚ ਹਿੱਸਾ ਨਹੀਂ ਲਿਆ। ਰਿਕਾਰਡ ਵੋਟ ਦੇ ਮਤੇ ਨੂੰ ਸਵੀਕਾਰ ਕੀਤੇ ਜਾਣ ਮਗਰੋਂ ਰੂਸ ਨੇ ਜਨਰਲ ਅਸੈਂਬਲੀ ਦੇ ਪ੍ਰਧਾਨ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ। ਰੂਸ ਦੀ ਅਪੀਲ ’ਤੇ ਇੱਕ ‘ਰਿਕਾਰਡ ਵੋਟ’ ਹੋਈ ਅਤੇ ਭਾਰਤ ਸਮੇਤ 100 ਮੁਲਕਾਂ ਨੇ ਰੂਸ ਦੀ ਅਪੀਲ ਖ਼ਿਲਾਫ਼ ਵੋਟ ਪਾਈ। ਰੂਸ ਨੇ ਇਸ ਤੋਂ ਬਾਅਦ ਅਲਬਾਨੀਆ ਵੱਲੋਂ ‘ਰਿਕਾਰਡ ਵੋਟ’ ਲਈ ਪੇਸ਼ ਕੀਤੇ ਮਤੇ ਨੂੰ ਅਪਣਾਉਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਦੀ ਮੰਗ ਕੀਤੀ। ਹਾਲਾਂਕਿ ਜਨਰਲ ਅਸੈਂਬਲੀ ਨੇ ਭਾਰਤ ਸਮੇਤ 104 ਮੁਲਕਾਂ ਵੱਲੋਂ ਇਸ ਖ਼ਿਲਾਫ਼ ਵੋਟ ਪਾਏ ਜਾਣ ਤੋਂ ਬਾਅਦ ਇਸ ’ਤੇ ਮੁੜ ਵਿਚਾਰ ਨਾ ਕਰਨ ਦਾ ਫ਼ੈਸਲਾ ਲਿਆ। ਇਸ ਮਤੇ ਦੇ ਹੱਕ ’ਚ 16 ਮੁਲਕਾਂ ਨੇ ਵੋਟ ਪਾਈ ਜਦਕਿ 34 ਮੁਲਕਾਂ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ। ਸੰਯੁਕਤ ਰਾਸ਼ਟਰ ’ਚ ਰੂਸ ਦੇ ਸਥਾਈ ਨੁਮਾਇੰਦੇ ਵੈਸਿਲੀ ਨੇਬੈਂਜ਼ੀਆ ਨੇ ਕਿਹਾ ਕਿ ਸੰਯੁਕਤ ਰਾਸ਼ਟਰ ‘ਇੱਕ ਧੋਖਾਧੜੀ ਦਾ ਗਵਾਹ ਬਣਿਆ ਜਿਸ ’ਚ ਜਨਰਲ ਅਸੈਂਬਲੀ ਦੇ ਪ੍ਰਧਾਨ ਦੀ ਅਹਿਮ ਭੂਮਿਕਾ ਰਹੀ।’ਇਸੇ ਦਰਮਿਆਨ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਇਸ ਮੁੱਦੇ ’ਤੇ ਚਰਚਾ ਸ਼ੁਰੂ ਕੀਤੀ ਕਿ ਕੀ ਰੂਸ ਨੂੰ ਯੂਕਰੇਨ ਦੇ ਚਾਰ ਖਿੱਤਿਆਂ ’ਤੇ ਕਬਜ਼ੇ ਦੀ ਕਾਰਵਾਈ ਨੂੰ ਵਾਪਸ ਲੈਣ ਲਈ ਕਿਹਾ ਜਾਵੇ ਜਾਂ ਨਹੀਂ। ਇਹ ਚਰਚਾ ਅਜਿਹੇ ਸਮੇਂ ਸ਼ੁਰੂ ਕੀਤੀ ਗਈ ਜਦੋਂ ਰੂਸ ਨੇ ਬੀਤੇ ਦਿਨ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਉਸ ਦੇ ਕਈ ਸ਼ਹਿਰਾਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ’ਚ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਹੋ ਗਏ। ਰੂਸ ਦੇ ਰਾਜਦੂਤ ਨੇ ਇਸ ਚਰਚਾ ਨੂੰ ਰੂਸ ਵਿਰੋਧੀ ਨਜ਼ਰੀਏ ਨੂੰ ਉਤਸ਼ਾਹਿਤ ਕਰਨ ਦੀ ਇੱਕਪਾਸੜ ਕੋਸ਼ਿਸ਼ ਦੱਸਿਆ ਤੇ ਬਹਿਸ ਦੀ ਨਿੰਦਾ ਕੀਤੀ। -ਏਪੀ