ਵਾਸ਼ਿੰਗਟਨ, 12 ਅਪਰੈਲ
ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਐਸ਼ ਕਾਰਟਰ ਦਾ ਕਹਿਣਾ ਹੈ ਕਿ ਭਾਰਤ ਤੇ ਅਮਰੀਕਾ ਦਰਮਿਆਨ ਫ਼ੌਜੀ ਤੇ ਸੁਰੱਖਿਆ ਖੇਤਰ ਵਿਚ ਭਾਈਵਾਲੀ ਗਹਿਰੀ ਹੋਣੀ ‘ਪਹਿਲਾਂ ਤੋਂ ਹੀ ਤੈਅ ਹੈ’ ਕਿਉਂਕਿ ਦੋਵਾਂ ਵੱਡੇ ਲੋਕਤੰਤਰਾਂ ਵਿਚ ਕਈ ਚੀਜ਼ਾਂ ਸਾਂਝੀਆਂ ਹਨ। ਦੋਵੇਂ ਮੁਲਕ ਕਈ ਬੇਹੱਦ ਚੰਗੀਆਂ ਕਦਰਾਂ-ਕੀਮਤਾਂ ਦੇ ਹਾਮੀ ਹਨ। ਅਮਰੀਕੀ ਚੈਂਬਰ ਆਫ਼ ਕਾਮਰਸ ਵੱਲੋਂ ਕਰਵਾਏ ਇਕ ਸੈਸ਼ਨ ਵਿਚ ਬੋਲਦਿਆਂ ਕਾਰਟਰ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚ ਅੰਗਰੇਜ਼ੀ ਭਾਸ਼ਾ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਸਾਂਝਾ ਹੈ। ਕਾਰਟਰ ਓਬਾਮਾ ਪ੍ਰਸ਼ਾਸਨ ਵਿਚ 2015-17 ਦੌਰਾਨ ਰੱਖਿਆ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਕਈ ਹਿੱਤ ਸਾਂਝੇ ਹਨ। ਕਾਰਟਰ ਨੇ ਦੱਸਿਆ ਕਿ ਜਦ ਉਨ੍ਹਾਂ ਆਖ਼ਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ ਤਾਂ ਉਹ ਰੱਖਿਆ ਮੰਤਰੀ ਸਨ। ਉਨ੍ਹਾਂ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨੂੰ ਦੱਸ ਰਹੇ ਸਨ ਕਿ ਕਿਵੇਂ ਅਮਰੀਕਾ ਦੇ ਤਕਨੀਕੀ ਜਗਤ ਵਿਚ ਸੈਂਕੜੇ ਭਾਰਤੀ-ਅਮਰੀਕੀ ਸਫ਼ਲਤਾ ਨਾਲ ਕੰਮ ਕਰ ਰਹੇ ਹਨ। ਇਸ ਤੋਂ ਹੀ ਸਿੱਧ ਹੁੰਦਾ ਹੈ ਕਿ ਮਾਨਸਿਕਤਾ ਵਿਚ ਕਿੰਨੀ ਸਮਾਨਤਾ ਹੈ। ਕਾਰਟਰ ਮੌਜੂਦਾ ਸਮੇਂ ‘ਬੈਲਫਰ ਸੈਂਟਰ ਫਾਰ ਸਾਇੰਸ ਐਂਡ ਇੰਟਰਨੈਸ਼ਨਲ ਅਫੇਅਰਜ਼’ (ਹਾਰਵਰਡ ਕੈਨੇਡੀ ਸਕੂਲ) ਦੇ ਡਾਇਰੈਕਟਰ ਹਨ। ਕਾਰਟਰ ਨੇ ਹਾਲਾਂਕਿ ਨਾਲ ਹੀ ਕਿਹਾ ਕਿ ਅਮਰੀਕਾ ਨੂੰ ਪਹਿਲਾਂ ਦੇ ਕੁਝ ਤੱਥਾਂ ਬਾਰੇ ਵੀ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਇਸ ਸੰਦਰਭ ਵਿਚ ਭਾਰਤ ਦੀਆਂ ਗੁੱਟ ਨਿਰਲੇਪ ਨੀਤੀਆਂ ਤੇ ਰੂਸ ਨਾਲ ਫ਼ੌਜੀ ਸਬੰਧਾਂ ਦਾ ਹਵਾਲਾ ਦਿੱਤਾ। -ਪੀਟੀਆਈ