ਸੰਯੁਕਤ ਰਾਸ਼ਟਰ, 16 ਅਕਤੂਬਰ
ਭਾਰਤ ਨੇ ਕਿਹਾ ਕਿ ਕੌਮਾਂਤਰੀ ਸੋਲਰ ਗੱਠਜੋੜ (ਆਈਐੱਸਏ) ‘ਹਰਿਤ ਊਰਜਾ ਕੂਟਨੀਤੀ’ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਭਾਰਤ ਨੇ ਇਸ ਆਲਮੀ ਪਹਿਲ ਲਈ ਨਿਗਰਾਨ ਦਾ ਦਰਜਾ ਹਾਸਲ ਕਰਨ ਲਈ ਸੰਯੁਕਤ ਰਾਸ਼ਟਰ ਆਮ ਸਭਾ (ਯੂਐੱਨਜੀਏ) ’ਚ ਇੱਕ ਤਜਵੀਜ਼ ਦਾ ਖਰੜਾ ਪੇਸ਼ ਕੀਤਾ ਹੈ ਜਿਸ ਨਾਲ ਆਈਐੱਸਏ ਤੇ ਸੰਯੁਕਤ ਰਾਸ਼ਟਰ ਵਿਚਾਲੇ ਸਹਿਯੋਗ ਮੁਹੱਈਆ ਕਰਾਉਣ ’ਚ ਮਦਦ ਮਿਲੇਗੀ ਅਤੇ ਆਲਮੀ ਊਰਜਾ ਵਿਕਾਸ ’ਚ ਲਾਭ ਮਿਲੇਗਾ। ਭਾਰਤ ਤੇ ਫਰਾਂਸ ਨੇ 2015 ’ਚ ਪੈਰਿਸ ’ਚ ਹੋਏ ਜਲਵਾਯੂ ਤਬਦੀਲੀ ਸੰਮੇਲਨ ਦੌਰਾਨ ਸਾਂਝੇ ਤੌਰ ’ਤੇ ਆਈਐੱਸਏ ਦੀ ਸ਼ੁਰੂਆਤ ਕੀਤੀ ਸੀ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤਿਰੂਮੂਰਤੀ ਕਿਹਾ, ‘ਭਾਰਤ ਤੇ ਫਰਾਂਸ ਵੱਲੋਂ ਕੌਮਾਂਤਰੀ ਸੋਲਰ ਗੱਠਜੋੜ ਲਈ ਨਿਗਰਾਨ ਦਾ ਦਰਜਾ ਦੇਣ ਦੀ ਅਪੀਲ ਕਰਨ ਸਬੰਤੀ ਤਜਵੀਜ਼ ਦਾ ਖਰੜਾ ਪੇਸ਼ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ।’ ਉਨ੍ਹਾਂ ਯੂਐੱਨਜੀਏ ’ਚ ਕਿਹਾ ਕਿ ਆਈਐੱਸਏ ਨੂੰ ਨਿਗਰਾਨ ਦਾ ਦਰਜਾ ਦੇਣ ਨਾਲ ਗੱਠਜੋੜ ਤੇ ਸੰਯੁਕਤ ਰਾਸ਼ਟਰ ਵਿਚਾਲੇ ਲਗਾਤਾਰ ਤੇ ਚੰਗਾ ਸਹਿਯੋਗ ਮੁਹੱਈਆ ਹੋਵੇਗਾ ਜਿਸ ਨਾਲ ਆਲਮੀ ਊਰਜਾ ’ਚ ਵਾਧਾ ਕਰਨ ਤੇ ਵਿਕਾਸ ’ਚ ਮਦਦ ਮਿਲੇਗੀ। -ਪੀਟੀਆਈ