ਰਿਆਧ, 12 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਬਣਨ ਲਈ ਮਜ਼ਬੂਤ ਦਾਅਵੇਦਾਰ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਪਰਿਸ਼ਦ ਨੂੰ ਨਾ ਸਿਰਫ਼ ਕੌਮਾਂਤਰੀ ਸੁਰੱਖਿਆ ਕਾਇਮ ਰੱਖਣ ਦੇ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਗੋਂ ਪ੍ਰਸੰਗਕ ਬਣੇ ਰਹਿਣ ਲਈ ਵੀ ਬਦਲਦੀਆਂ ਵਿਸ਼ਵ ਪ੍ਰਸਥਿਤੀਆਂ ਦੇ ਅਨੁਕੂਲ ਹੋਣਾ ਚਾਹੀਦਾ ਹੈ।
ਜੈਸ਼ੰਕਰ ਵਿਦੇਸ਼ ਮੰਤਰੀ ਵਜੋਂ ਪਹਿਲੀ ਵਾਰ ਸਾਊਦੀ ਅਰਬ ਦੇ ਦੌਰੇ ’ਤੇ ਗਏ ਹਨ। ਉਨ੍ਹਾਂ ਕਿਹਾ ਭਾਰਤ ਲੰਬੇ ਸਮੇਂ ਤੋਂ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਲਈ ਕੋਸ਼ਿਸ਼ਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਪਰਿਸ਼ਦ ਦਾ ਸਥਾਈ ਮੈਂਬਰ ਬਣਨ ਦਾ ਹੱਕਦਾਰ ਹੈ। ਜੈਸ਼ੰਕਰ ਨੇ ਕਿਹਾ ਕਿ ਸੁਰੱਖਿਆ ਪਰਿਸ਼ਦ ਮੌਜੂਦਾ ਸਮੇਂ ਦੌਰਾਨ 21ਵੀਂ ਸਦੀ ਦੀਆਂ ਭੂ-ਰਣਨੀਤਕ ਹਕੀਕਤਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਦੀ ਲੋੜ ’ਤੇ ਵਿਆਪਕ ਵਿਸ਼ਵ ਸਹਿਮਤੀ ਹੈ, ਖਾਸ ਕਰਕੇ ਇਸ ਲਈ ਕਿਉਂਕਿ ਇਹ ਵਿਸ਼ਵ ਦੀਆਂ ਹਕੀਕਤਾਂ ਨੂੰ ਨਹੀਂ ਦਰਸਾਉਂਦੀ। ਉਨ੍ਹਾਂ ਕਿਹਾ ਕਿ ਸੁਰੱਖਿਆ ਪਰਿਸ਼ਦ ਦਾ ਵਿਸਥਾਰ ਨਾ ਸਿਰਫ਼ ਭਾਰਤ ਸਗੋਂ ਹੋਰ ਗ਼ੈਰ-ਪ੍ਰਤੀਨਿਧ ਖੇਤਰਾਂ ਦੇ ਪੱਖ ਵਿੱਚ ਵੀ ਹੈ। ਜੈਸ਼ੰਕਰ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨ ਲਈ ਸ਼ਨਿਚਰਵਾਰ ਨੂੰ ਤਿੰਨ ਦਿਨਾ ਯਾਤਰਾ ’ਤੇ ਸਾਊਦੀ ਅਰਬ ਪੁੱਜੇ ਸਨ। ਉਨ੍ਹਾਂ ਐਤਵਾਰ ਨੂੰ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਰਫ਼ੋ ਇੱਕ ਲਿਖਤੀ ਸੰਦੇਸ਼ ਸੌਂਪਿਆ ਸੀ। -ਪੀਟੀਆਈ
ਮੁਰਲੀਧਰਨ ਦਾ ਕੀਨੀਆ ਦੌਰਾ ਅੱਜ
ਨਵੀਂ ਦਿੱਲੀ: ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਭਲਕੇ ਮੰਗਲਵਾਰ ਨੂੰ ਕੀਨੀਆ ਦੌਰੇ ’ਤੇ ਜਾਣਗੇ। ਉਹ ਕੀਨੀਆ ਦੇ ਨਵੇਂ ਚੁਣੇ ਗਏ ਪੰਜਵੇਂ ਰਾਸ਼ਟਰਪਤੀ ਵਿਲੀਅਮ ਸਾਮੋਈ ਰੂਟੋ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਮੰਤਰੀ 14-15 ਸਤੰਬਰ ਨੂੰ ਇਰਟੀਰੀਆ ਸੂਬੇ ਦਾ ਦੌਰਾ ਕਰਨਗੇ। ਮੁਰਲੀਧਰਨ ਦੀ ਕੀਨੀਆ ਦੀ ਇਹ ਪਹਿਲੀ ਫੇਰੀ ਹੈ। -ਪੀਟੀਆਈ