ਇਸਲਾਮਾਬਾਦ, 6 ਮਾਰਚ
ਪਾਕਿਸਤਾਨ ਨੇ ਵਾਰਤਾ ਦੀ ਮੁੜ ਪੇਸ਼ਕਸ਼ ਕਰਦਿਆਂ ਭਾਰਤ ਨੂੰ ਕਿਹਾ ਹੈ ਕਿ ਉਹ ਜੰਮੂ ਕਸ਼ਮੀਰ ਦੇ ਮੁੱਦੇ ’ਤੇ ਗੱਲਬਾਤ ਤੋਂ ਨਾ ਭੱਜੇ। ਵਿਦੇਸ਼ ਦਫ਼ਤਰ ਦੇ ਤਰਜਮਾਨ ਨੇ ਕਿਹਾ,‘‘ਸਾਡਾ ਉਨ੍ਹਾਂ ਨਾਲ ਝਗੜਾ ਕਸ਼ਮੀਰ ਨੂੰ ਲੈ ਕੇ ਹੈ ਅਤੇ ਇਸ ਦਾ ਹੱਲ ਸਿਰਫ਼ ਵਾਰਤਾ ਰਾਹੀਂ ਹੀ ਕੱਢਿਆ ਜਾ ਸਕਦਾ ਹੈ। ਪਾਕਿਸਤਾਨ ਕਦੇ ਵੀ ਗੱਲਬਾਤ ਤੋਂ ਪਿੱਛੇ ਨਹੀਂ ਹਟਿਆ ਹੈ ਅਤੇ ਉਸ ਨੇ ਹਮੇਸ਼ਾ ਸਾਰੇ ਬਕਾਇਆ ਮਸਲਿਆਂ ਦੇ ਸ਼ਾਂਤਮਈ ਹੱਲ ਦਾ ਸੱਦਾ ਦਿੱਤਾ ਹੈ।’’
ਉਨ੍ਹਾਂ ਕਿਹਾ ਕਿ ਕਮਜ਼ੋਰ ਸਥਿਤੀ ਵਾਲਾ ਹੀ ਗੱਲਬਾਤ ਤੋਂ ਭੱਜਦਾ ਹੈ। ‘ਅਸੀਂ ਜਿਸ ਢੰਗ ਨਾਲ ਆਪਣੀ ਸਥਿਤੀ ਬਿਆਨ ਕੀਤੀ ਹੈ ਉਸ ਤੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਮਜ਼ਬੂਤ ਹਾਲਤ ’ਚ ਹੈ। ਜੰਮੂ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਪਾਕਿਸਤਾਨ ਦੀ ਸਿਧਾਂਤਕ ਸਥਿਤੀ ’ਚ ਕੋਈ ਬਦਲਾਅ ਨਹੀਂ ਆਇਆ ਹੈ।’ ਤਰਜਮਾਨ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਮਸਲੇ ਦਾ ਹੱਲ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੇ ਮਤਿਆਂ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੋਲੀਬੰਦੀ ਸਬੰਧੀ ਹੁਣੇ ਜਿਹੇ ਹੋਇਆ ਸਮਝੌਤਾ ਇਸਲਾਮਾਬਾਦ ਦੇ ਸਟੈਂਡ ’ਤੇ ਆਧਾਰਿਤ ਹੈ।
ਪਾਕਿਸਤਾਨ ਵੱਲੋਂ ਵਾਰਤਾ ਦਾ ਸੱਦਾ ਉਸ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ੍ਰੀਲੰਕਾ ਦੌਰੇ ਮੌਕੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਸੱਤਾ ’ਚ ਆਉਂਦੇ ਸਾਰ ਨਰਿੰਦਰ ਮੋਦੀ ਕੋਲ ਪਹੁੰਚ ਕਰਕੇ ਵਾਰਤਾ ਰਾਹੀਂ ਮੱਤਭੇਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫ਼ਲ ਨਹੀਂ ਰਹੇ ਸਨ। ਉਨ੍ਹਾਂ ਆਸ ਜਤਾਈ ਸੀ ਕਿ ਵਪਾਰਕ ਸਬੰਧਾਂ ’ਚ ਸੁਧਾਰ ਕਰਕੇ ਖ਼ਿੱਤੇ ਵਿੱਚ ਗਰੀਬੀ ਨਾਲ ਸਿੱਝਿਆ ਜਾ ਸਕਦਾ ਹੈ। -ਆਈਏਐਨਐਸ