ਵਾਸ਼ਿੰਗਟਨ, 14 ਅਕਤੂਬਰ
ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਬੁੱਧਵਾਰ ਨੂੰ ਕਿਹਾ ਹੈ ਕਿ ਭਾਰਤੀ ਅਰਥਚਾਰਾ ਕੋਵਿਡ-19 ਮਹਾਮਾਰੀ ਤੋਂ ਉਭਰ ਰਿਹਾ ਹੈ ਅਤੇ ਅਜਿਹੇ ’ਚ ਮੁਲਕ ਲਈ ਜਨਤਕ ਨਿਵੇਸ਼ ਖਾਸ ਕਰਕੇ ਹਰਿਤ ਖੇਤਰ ’ਚ ਧਿਆਨ ਦੇਣਾ ਅਹਿਮ ਹੈ। ਆਈਐੱਮਐੱਫ ਦੇ ਵਿੱਤੀ ਮਾਮਲਿਆਂ ਦੇ ਵਿਭਾਗ ਦੇ ਡਿਪਟੀ ਡਾਇਰੈਕਟਰ ਪਾਓਲੋ ਮਾਉਰੋ ਨੇ ਇਥੇ ਪ੍ਰੈੱਸ ਕਾਨਫਰੰਸ ’ਚ ਕਿਹਾ,‘‘ਭਾਰਤ ਦਾ ਕਰਜ਼ ਕਰੀਬ 90 ਫ਼ੀਸਦ ਦੇ ਅਨੁਪਾਤ (ਜੀਡੀਪੀ ਦੇ ਮੁਕਾਬਲੇ) ’ਚ ਹੈ ਅਤੇ ਨਿਵੇਸ਼ਕਾਂ ਨੂੰ ਇਹ ਸੰਕੇਤ ਦੇਣਾ ਅਹਿਮ ਹੈ ਕਿ ਦਰਮਿਆਨੇ ਸਮੇਂ ’ਚ ਕਰਜ਼ ਅਨੁਪਾਤ ’ਚ ਗਿਰਾਵਟ ਆਵੇਗੀ।’’ ਇਕ ਸਵਾਲ ਦੇ ਜਵਾਬ ’ਚ ਮਾਉਰੋ ਨੇ ਕਿਹਾ ਕਿ ਮਹਾਮਾਰੀ ਦੀ ਹਾਲਤ ’ਚ ਸੁਧਾਰ ਆ ਰਿਹਾ ਹੈ ਅਤੇ ਹਾਲਾਤ ਕੁਝ ਮਹੀਨੇ ਪਹਿਲਾਂ ਦੇ ਮੁਕਾਬਲੇ ਬਹੁਤ ਵੱਖਰੇ ਹਨ। ਉਨ੍ਹਾਂ ਕਿਹਾ ਕਿ ਕਿਸਮਤ ਨਾਲ ਲਾਗ ਦੇ ਕੇਸਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਸਾਰਿਆਂ ਦਾ ਟੀਕਾਕਰਨ ਹੋ ਰਿਹਾ ਹੈ। -ਪੀਟੀਆਈ