ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਯੂਕਰੇਨ ਜੰਗ ਨਾਲ ਸਬੰਧਤ ਇਕ ਹੋਰ ਮਤੇ ’ਤੇ ਵੋਟਿੰਗ ’ਚੋਂ ਭਾਰਤ ਗ਼ੈਰ-ਹਾਜ਼ਰ ਰਿਹਾ। ਇਸ ਵਾਰ ਇਹ ਮਤਾ ਰੂਸ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਯੂਕਰੇਨ ਦੀਆਂ ਪ੍ਰਯੋਗਸ਼ਾਲਾਵਾਂ ’ਚ ਜੈਵਿਕ ਹਥਿਆਰਾਂ ਦੇ ਤਜਰਬੇ ਕਰਕੇ ਉਨ੍ਹਾਂ ਨੂੰ ਜੰਗ ’ਚ ਵਰਤਿਆ ਜਾ ਰਿਹਾ ਹੈ। ਮਤੇ ’ਚ ਰੂਸ ਨੇ ਮੰਗ ਕੀਤੀ ਸੀ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਕਮਿਸ਼ਨ ਬਣਾਇਆ ਜਾਵੇ। ਇਸ ਮਤੇ ਦੇ ਪੱਖ ’ਚ ਸਲਾਮਤੀ ਕੌਂਸਲ ਦੇ ਸਿਰਫ਼ ਦੋ ਮੈਂਬਰਾਂ ਰੂਸ ਅਤੇ ਚੀਨ ਨੇ ਵੋਟ ਪਾਈ ਜਦਕਿ ਅਮਰੀਕਾ, ਇੰਗਲੈਂਡ ਅਤੇ ਫਰਾਂਸ ਨੇ ਇਸ ਦਾ ਵਿਰੋਧ ਕੀਤਾ ਜਦਕਿ ਭਾਰਤ ਸਮੇਤ ਹੋਰ ਕੌਂਸਲ ਮੈਂਬਰ ਗ਼ੈਰਹਾਜ਼ਰ ਰਹੇ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਕਾਊਂਸਲਰ ਏ ਅਮਰਨਾਥ ਨੇ ਕਿਹਾ ਕਿ ਮੁਲਕ ਵੱਲੋਂ ਜੈਵਿਕ ਹਥਿਆਰਾਂ ਬਾਰੇ ਕਨਵੈਨਸ਼ਨ ਨੂੰ ਵਧੇਰੇ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਇਸ ਨੂੰ ਢੁੱਕਵੇਂ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਨਵੈਨਸ਼ਨ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੀ ਲੋੜ ਹੈ। ‘ਸਾਨੂੰ ਆਸ ਹੈ ਕਿ ਮੌਜੂਦਾ ਹਾਲਾਤ ਮੁਲਕਾਂ ਵੱਲੋਂ ਅਜਿਹੇ ਪ੍ਰੋਟੋਕੋਲ ਲਾਗੂ ਕਰਨ ’ਚ ਸਹਾਈ ਹੋਣਗੇ। ਸਾਰੇ ਪੱਖਾਂ ਨੂੰ ਧਿਆਨ ’ਚ ਰੱਖਦਿਆਂ ਭਾਰਤ ਨੇ ਮਤੇ ’ਤੇ ਵੋਟਿੰਗ ’ਚੋਂ ਗ਼ੈਰਹਾਜ਼ਰ ਰਹਿਣ ਦਾ ਫ਼ੈਸਲਾ ਲਿਆ ਹੈ।’ ਅਮਰੀਕੀ ਸਫ਼ੀਰ ਲਿੰਡਾ ਥੌਮਸ ਗਰੀਨਫੀਲਡ ਨੇ ਰੂਸ ਦੇ ਮਤੇ ਖ਼ਿਲਾਫ਼ ਬੋਲਦਿਆਂ ਕਿਹਾ ਕਿ ਇਹ ਗਲਤ ਜਾਣਕਾਰੀ, ਬਦਨੀਅਤੀ ਅਤੇ ਸੰਗਠਨ ਪ੍ਰਤੀ ਸਤਿਕਾਰ ਦੀ ਘਾਟ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਰੂਸ ਝੂਠੇ ਦੋਸ਼ਾਂ ਦੀ ਹਮਾਇਤ ’ਚ ਭਰੋਸੇਯੋਗ ਸਬੂਤ ਮੁਹੱਈਆ ਕਰਾਉਣ ’ਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਚੀਨ ਨੂੰ ਛੱਡ ਕੇ ਕਿਸੇ ਨੂੰ ਵੀ ਰੂਸੀ ਮਤੇ ’ਤੇ ਭਰੋਸਾ ਨਹੀਂ ਹੈ। ‘ਰੂਸ ਵੱਲੋਂ ਲਾਏ ਗਏ ਦੋਸ਼ ਠੀਕ ਨਹੀਂ ਹਨ ਕਿਉਂਕਿ ਉਸ ਦੀ ਫ਼ੌਜ ਯੂਕਰੇਨੀ ਇਲਾਕਿਆਂ ’ਤੇ ਕਾਬਜ਼ ਹੈ। ਸਾਨੂੰ ਰੂਸੀ ਮਤੇ ’ਤੇ ਸਮਾਂ ਬਰਬਾਦ ਕਰਨ ਦੀ ਬਜਾਏ ਸੱਚ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।’ ਮਤਾ ਰੱਦ ਹੋਣ ਮਗਰੋਂ ਰੂਸ ਦੇ ਪ੍ਰਥਮ ਉਪ ਸਥਾਈ ਨੁਮਾਇੰਦੇ ਦਮਿੱਤਰੀ ਪੋਲੀਯੈਂਸਕੀ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਜੈਵਿਕ ਹਥਿਆਰਾਂ ਸਬੰਧੀ ਕਨਵੈਨਸ਼ਨ ਦੇ ਖਾਕੇ ’ਤੇ ਕੰਮ ਕਰਦਾ ਰਹੇਗਾ। -ਪੀਟੀਆਈ