ਸੰਯੁਕਤ ਰਾਸ਼ਟਰ, 29 ਜੂਨ
ਭਾਰਤ ਨੇ ਅੱਜ ਸੰਯੁਕਤ ਰਾਸ਼ਟਰ ਆਮ ਇਜਲਾਸ ਵਿਚ ਕਿਹਾ ਕਿ ਹਥਿਆਰਾਂ ਨਾਲ ਲੈਸ ਡਰੋਨਾਂ ਨੂੰ ਦਹਿਸ਼ਤੀ ਗਤੀਵਿਧੀਆਂ ਲਈ ਵਰਤਣਾ ਗੰਭੀਰ ਵਿਸ਼ਾ ਹੈ। ਇਸ ਤਰ੍ਹਾਂ ਡਰੋਨ ਦੀ ਵਰਤੋਂ ਰਣਨੀਤਕ ਅਤੇ ਅਹਿਮ ਟਿਕਾਣਿਆਂ ਖ਼ਿਲਾਫ਼ ਕੀਤੇ ਜਾਣ ਵੱਲ ਕੌਮਾਂਤਰੀ ਭਾਈਚਾਰੇ ਨੂੰ ਧਿਆਨ ਦੇਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹਥਿਆਰਾਂ ਨਾਲ ਲੈਸ ਡਰੋਨਾਂ ਰਾਹੀਂ ਭਾਰਤੀ ਹਵਾਈ ਸੈਨਾ ਦੇ ਜੰਮੂ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਭਾਰਤੀ ਫ਼ੌਜ ਨੇ ਐਤਵਾਰ ਨੂੰ ਰਤਨੂਚੱਕ-ਕਾਲੂਚੱਕ ਮਿਲਟਰੀ ਸਟੇਸ਼ਨ ਨੇੜੇ ਵੀ ਡਰੋਨ ਹਮਲੇ ਨੂੰ ਨਕਾਰਾ ਕੀਤਾ ਹੈ। ਹਮਲਿਆਂ ਲਈ ਸ਼ੱਕ ਦੀ ਸੂਈ ਪਾਕਿਸਤਾਨ ਵੱਲ ਘੁੰਮੀ ਹੈ। ਗ੍ਰਹਿ ਮੰਤਰਾਲੇ ਵਿਚ ਵਿਸ਼ੇਸ਼ ਸਕੱਤਰ (ਅੰਦਰੂਨੀ ਸੁਰੱਖਿਆ) ਵੀਐੱਸਕੇ ਕੋਮੁੜੀ ਨੇ ਕਿਹਾ ਕਿ ਵਰਤਮਾਨ ’ਚ ਸੂਚਨਾ ਤੇ ਸੰਚਾਰ ਤਕਨੀਕ ਦੀ ਦੁਰਵਰਤੋਂ ਅਤਿਵਾਦ ਦੇ ਪ੍ਰਾਪੇਗੰਡਾ ਲਈ ਕੀਤੀ ਜਾ ਰਹੀ ਹੈ। ਇੰਟਰਨੈੱਟ ਤੇ ਸੋਸ਼ਲ ਮੀਡੀਆ ਨੂੰ ਕੱਟੜਵਾਦ ਤੇ ਕੇਡਰ ਭਰਤੀ ਕਰਨ ਲਈ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਵੇਂ ਅਦਾਇਗੀ ਪਲੈਟਫਾਰਮਾਂ ਤੇ ‘ਕਰਾਊਡਫੰਡਿੰਗ’ ਨੂੰ ਵੀ ਮਾਧਿਅਮ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਤਿਵਾਦ ਨਾਲ ਨਜਿੱਠਣ ਲਈ ਇਨ੍ਹਾਂ ਚੁਣੌਤੀਆਂ ਨੂੰ ਧਿਆਨ ਵਿਚ ਰੱਖਣਾ ਪਵੇਗਾ। ‘ਅਤਿਵਾਦ ਦੀ ਆਲਮੀ ਚੁਣੌਤੀ: ਵਰਤਮਾਨ ਖ਼ਤਰਿਆਂ ਤੇ ਉੱਭਰ ਰਹੇ ਖ਼ਤਰਿਆਂ ਦਾ ਮੁਲਾਂਕਣ’ ਬਾਰੇ ਕਾਨਫਰੰਸ ਨੂੰ ਜਨਰਲ ਅਸੈਂਬਲੀ ਵਿਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਰੋਨ ਦੀ ਵਰਤੋਂ ਸੌਖੀ ਹੈ ਤੇ ਇਹ ਆਸਾਨੀ ਨਾਲ ਮਿਲਦਾ ਹੈ। ਦਹਿਸ਼ਤਗਰਦ ਸੰਗਠਨ ਇਸ ਦੀ ਵਰਤੋਂ ਖ਼ੁਫੀਆ ਜਾਣਕਾਰੀ ਇਕੱਠੀ ਕਰਨ, ਹਥਿਆਰ ਸੁੱਟਣ ਤੇ ਯੋਜਨਾਬੱਧ ਹਮਲਿਆਂ ਲਈ ਕਰ ਰਹੇ ਹਨ। ਕੋਮੁੜੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਲੋਕ ਇਕੱਲੇ ਜ਼ਿਆਦਾ ਸਮਾਂ ਬਤੀਤ ਕਰ ਰਹੇ ਹਨ ਤੇ ਇੰਟਰਨੈੱਟ ਦੇ ਪ੍ਰਭਾਵ ਹੇਠ ਹਨ। -ਪੀਟੀਆਈ
‘ਕੌਮਾਂਤਰੀ ਭਾਈਚਾਰਾ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਵਿਰੁੱਧ ਸਖ਼ਤ ਕਾਰਵਾਈ ਦਾ ਸੱਦਾ ਦੇਵੇ’
ਸੰਯੁਕਤ ਰਾਸ਼ਟਰ: ਇਸੇ ਦੌਰਾਨ ਭਾਰਤ ਨੇ ਸੰਯੁਕਤ ਰਾਸ਼ਟਰ ਆਮ ਇਜਲਾਸ ’ਚ ਕਿਹਾ ਕਿ ਬੇਹੱਦ ਜ਼ਰੂਰੀ ਹੋ ਗਿਆ ਹੈ ਕਿ ਕੌਮਾਂਤਰੀ ਭਾਈਚਾਰਾ ਪਾਕਿਸਤਾਨ ਨੂੰ ਅਤਿਵਾਦੀ ਸੰਗਠਨਾਂ ਵਿਰੁੱਧ ‘ਅਸਰਦਾਰ ਤੇ ਨਾ ਬਦਲੇ ਜਾਣ ਵਾਲੇ ਕਦਮ’ ਚੁੱਕਣ ਦਾ ਸੱਦਾ ਦੇਵੇ। ਭਾਰਤ ਨੇ ਇਸ ਮੌਕੇ ਪਾਕਿਸਤਾਨ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਪਾਕਿਸਤਾਨ ਦਾ ਵਫ਼ਦ ‘ਆਸ ਮੁਤਾਬਕ ਝੂਠੀ ਬਿਆਨਬਾਜ਼ੀ ਕਰ ਕੇ ਭਾਰਤ ਖ਼ਿਲਾਫ਼ ਬੇਬੁਨਿਆਦ ਦੋਸ਼ ਲਾ ਰਿਹਾ ਹੈ।’ ਭਾਰਤ ਨੇ ਕਿਹਾ ਕਿ ਪਾਕਿ ਨੂੰ ਇਸ ਦੀ ਧਰਤੀ ਤੋਂ ਦਹਿਸ਼ਤੀ ਕਾਰਵਾਈਆਂ ਕਰ ਰਹੇ ਸੰਗਠਨਾਂ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤੇ ਨੈਤਿਕਤਾ ਦੀਆਂ ਵੱਡੀਆਂ-ਵੱਡੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਅਕਸਰ ਮਗਰੋਂ ਝੂਠੀਆਂ ਸਾਬਿਤ ਹੁੰਦੀਆਂ ਹਨ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਗੁਆਂਢੀ ਮੁਲਕ ਅਫ਼ਗਾਨਿਸਤਾਨ ਵਿਚ 6 ਹਜ਼ਾਰ ਤੋਂ ਵੱਧ ਪਾਕਿਸਤਾਨੀ ਅਤਿਵਾਦੀ ਹਨ।
ਸਰਕਾਰ ਡਰੋਨਾਂ ਦਾ ਟਾਕਰਾ ਕਰਨ ਲਈ ਉਪਕਰਨ ਖ਼ਰੀਦੇ: ਕਾਂਗਰਸ
ਕਾਂਗਰਸ ਆਗੂ ਜੈਵੀਰ ਸ਼ੇਰਗਿੱਲ ਨੇ ਅੱਜ ਕਿਹਾ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਡਰੋਨ ਦੀ ਵਰਤੋਂ ਦਹਿਸ਼ਤੀ ਗਤੀਵਿਧੀਆਂ ਲਈ ਹੋਣ ਦਾ ਮੁੱਦਾ ਉਠਾ ਕੇ ਸਹੀ ਦਿਸ਼ਾ ਵਿਚ ਕਦਮ ਚੁੱਕਿਆ ਹੈ, ਪਰ ਸਰਕਾਰ ਨੂੰ ਡਰੋਨਾਂ ਦਾ ਟਾਕਰਾ ਕਰਨ ਲਈ ਹੁਣ ਉਪਕਰਨ ਖ਼ਰੀਦਣ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਸ਼ੇਰਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖ਼ਤਰਿਆਂ ਬਾਰੇ ਜ਼ਾਹਿਰ ਕੀਤੇ ਖ਼ਦਸ਼ਿਆਂ ਨੂੰ ਸੁਣਨਾ ਚਾਹੀਦਾ ਹੈ। ਉਹ ਪਾਕਿਸਤਾਨ ਵੱਲੋਂ ਡਰੋਨ ਸੁੱਟੇ ਜਾਣ ਦਾ ਮੁੱਦਾ ਉਠਾ ਚੁੱਕੇ ਹਨ। -ਆਈਏਐਨਐੱਸ