ਦੁਬਈ, 28 ਅਕਤੂਬਰ
ਭਾਰਤ ਨੇ ਅੱਜ ਯੂਏਈ ਕੋਲ ਖੇਤੀਬਾੜੀ ਸੈਕਟਰ ਨਾਲ ਜੁੜੇ ਕੁਝ ਮੁੱਦੇ ਉਠਾਏ ਹਨ। ਇਨ੍ਹਾਂ ਵਿਚ ਚੌਲ ਬਰਾਮਦਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਵੀ ਸ਼ਾਮਲ ਹੈ। ਭਾਰਤ-ਯੂਏਈ ਸਾਂਝੀ ਟਾਸਕ ਫੋਰਸ ਦੇ ਮੈਂਬਰ ਅਤੇ ਭਾਰਤ-ਅਰਬ ਕੌਂਸਲ ਦੇ ਚੇਅਰਪਰਸਨ ਐੱਸ. ਵਿਕਰਮਜੀਤ ਸਿੰਘ ਨੇ ਅੱਜ ਯੂਏਈ ਦੇ ਵਿਦੇਸ਼ੀ ਵਪਾਰ ਬਾਰੇ ਮੰਤਰੀ ਡਾ. ਥਾਨੀ ਬਿਨ ਅਹਿਮਦ ਅਲ ਜ਼ਯੂਦੀ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਹਿਯੋਗ ਦੇ ਕਈ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ। ਵਿਕਰਮਜੀਤ ਨੇ ਕਿਹਾ ਕਿ ਯੂਏਈ ਨਾਲ ਵਪਾਰ ਨਵੀਆਂ ਸਿਖ਼ਰਾਂ ਵੱਲ ਵੱਧ ਰਿਹਾ ਹੈ। ਦੋ ਵੱਡੇ ਦੁਵੱਲੇ ਸਮਝੌਤੇ ਪਹਿਲਾਂ ਹੀ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਤੋਂ ਬਰਾਮਦ ਹੋ ਰਹੇ ਚੌਲਾਂ ਨੂੰ ਕੀਟਨਾਸ਼ਕਾਂ ਦੀ ਮੌਜੂਦਗੀ ਦੇ ਹਵਾਲੇ ਨਾਲ ਮੋੜਿਆ ਜਾ ਰਿਹਾ ਹੈ। ਵਿਕਰਮਜੀਤ ਸਿੰਘ ਨੇ ਇਸ ਮੌਕੇ ਆਪਸੀ ਸਹਿਮਤੀ ਨਾਲ ਪ੍ਰਵਾਨਿਤ ਲੈਬਾਰਟਰੀਆਂ ਕਾਇਮ ਕਰਨ ਉਤੇ ਜ਼ੋਰ ਦਿੱਤਾ ਜਿੱਥੇ ਗੁਣਵੱਤਾ ਪਰਖ਼ੀ ਜਾ ਸਕੇ। ਉਨ੍ਹਾਂ ਭਾਰਤ ਤੋਂ ਆਉਂਦੇ ਫਾਰਮਾ ਉਤਪਾਦਾਂ ਦੀ ਫਾਸਟ ਟਰੈਕ ਮਨਜ਼ੂਰੀ ਉਤੇ ਵੀ ਜ਼ੋਰ ਦਿੱਤਾ। ਟਾਸਕ ਫੋਰਸ ਦੇ ਮੈਂਬਰ ਨੇ ਨਿਵੇਸ਼ ਲਈ ਘੱਟੋ-ਘੱਟ ਸੀਮਾ ਘਟਾਉਣ ਦੀ ਅਪੀਲ ਵੀ ਕੀਤੀ। -ਪੀਟੀਆਈ