ਵਾਸ਼ਿੰਗਟਨ: ਵਾਈਟ ਹਾਊਸ ਨੇ ਸਾਈਬਰ ਫ਼ਿਰੌਤੀਆਂ (ਰੈਨਸਮਵੇਅਰ) ਹਮਲਿਆਂ ਨਾਲ ਨਜਿੱਠਣ ਲਈ ਰੱਖੇ ਸੰਮੇਲਨ ਲਈ ਭਾਰਤ ਸਣੇ ਕਈ ਮੁਲਕਾਂ ਨੂੰ ਸੱਦਾ ਦਿੱਤਾ ਹੈ। ਅੱਜ ਤੋਂ ਸ਼ੁਰੂ ਹੋਏ ਇਸ ਸੰਮੇਲਨ ਵਿਚ ਤਿੰਨ ਦਰਜਨ ਦੇਸ਼ ਤੇ ਕਈ ਬਹੁਕੌਮੀ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਸਿਸਟਮ ਨੂੰ ਜ਼ਿਆਦਾ ਮਜ਼ਬੂਤ ਬਣਾਉਣ ਤੇ ਹਮਲਿਆਂ ਦੀ ਸ਼ਨਾਖ਼ਤ ਬਾਰੀਕੀ ਨਾਲ ਕਰਨ ਬਾਰੇ ਚਰਚਾ ਕੀਤੀ ਜਾ ਰਹੀ ਹੈ। ਇਸ ਸੰਮੇਲਨ ਵਿਚ ਐਫਬੀਆਈ ਦੇ ਅਧਿਕਾਰੀ, ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਹਿੱਸਾ ਲੈ ਰਹੇ ਹਨ। ਰਾਸ਼ਟਰਪਤੀ ਜੋਅ ਬਾਇਡਨ ਵੀ ਸੰਮੇਲਨ ਵਿਚ ਹਿੱਸਾ ਲੈ ਸਕਦੇ ਹਨ। ਭਾਰਤ ਤੋਂ ਇਲਾਵਾ ਕਈ ਯੂਰੋਪੀ ਮੁਲਕ, ਯੂਕੇ ਯੂਏਈ ਇਸ ਸੰਮੇਲਨ ਵਿਚ ਸ਼ਾਮਲ ਹਨ। ਮਾਈਕਰੋਸਾਫਟ, ਪਾਲੋ ਆਲਟੋ, ਸੈਪ, ਸੀਮਨਜ਼, ਟੀਸੀਐੱਸ ਜਿਹੀਆਂ ਕੰਪਨੀਆਂ ਨੇ ਵੀ ਆਪਣੇ ਪ੍ਰਤੀਨਿਧੀ ਭੇਜੇ ਹਨ। -ਏਪੀ