ਇਸਲਾਮਾਬਾਦ, 16 ਜੁਲਾਈ
ਪਾਕਿਸਤਾਨ ਨੇ ਮੌਤ ਦੀ ਸਜ਼ਾਯਾਫ਼ਤਾ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਨੂੰ ਅੱਜ ਸਫ਼ਾਰਤੀ ਰਸਾਈ ਮੁਹੱਈਆ ਕਰਵਾ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਇਸਲਾਮਾਬਾਦ ਨੇ ਦਾਅਵਾ ਕੀਤਾ ਸੀ ਕਿ ਜਾਧਵ ਨੇ ਇੱਕ ਫੌਜੀ ਅਦਾਲਤ ਵੱਲੋਂ ਉਸ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਖ਼ਿਲਾਫ਼ ਇੱਥੇ ਇੱਕ ਅਦਾਲਤ ’ਚ ਅਪੀਲ ਦਾਇਰ ਕਰਨ ਤੋੋਂ ਇਨਕਾਰ ਕਰ ਦਿੱਤਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਜਾਧਵ ਨੂੰ ਮੁਹੱਈਆ ਕੀਤੀ ਗਈ ਇਹ ਦੂਜੀ ਸਫਾਰਤੀ ਰਸਾਈ ਹੈ। ਪਹਿਲੀ ਸਫਾਰਤੀ ਰਸਾਈ 2 ਸਤੰਬਰ 2019 ਨੂੰ ਮੁਹੱਈਆ ਕੀਤੀ ਗਈ ਸੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੁਪਹਿਰ ਤਿੰਨ ਵਜੇ ਕਮਾਂਡਰ ਜਾਧਵ ਨਾਲ ਬੇਰੋਕ-ਟੋਕ ਤੇ ਨਿਰਵਿਘਨ ਸੰਪਰਕ ਕਰਵਾਇਆ ਗਿਆ।’ ਬਿਆਨ ’ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਜਾਧਵ ਦੀ ਮਾਂ ਤੇ ਉਸ ਦੀ ਪਤਨੀ ਨੂੰ 25 ਦਸੰਬਰ 2017 ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ। ਬਿਆਨ ’ਚ ਕਿਹਾ ਗਿਆ ਹੈ, ‘ਕੌਮਾਂਤਰੀ ਅਦਾਲਤ (ਆਈਸੀਜੇ) ਦੇ 17 ਜੁਲਾਈ 2019 ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਅਮਲ ’ਚ ਲਿਆਉਣ ਲਈ ਪਾਕਿਸਤਾਨ ਪ੍ਰਤੀਬੱਧ ਹੈ। ਉਸ ਨੂੰ ਆਸ ਹੈ ਕਿ ਭਾਰਤ ਇਸ ਫ਼ੈਸਲੇ ਨੂੰ ਪੂਰੀ ਤਰ੍ਹਾਂ ਪ੍ਰਭਾਵੀ ਬਣਾਉਣ ’ਚ ਪਾਕਿਸਤਾਨੀ ਅਦਾਲਤ ਨੂੰ ਸਹਿਯੋਗ ਕਰੇਗਾ।’
ਜ਼ਿਕਰਯੋਗ ਹੈ ਕਿ ਜਾਧਵ (50) ਭਾਰਤੀ ਜਲ ਸੈਨਾ ਦਾ ਸੇਵਾਮੁਕਤ ਅਧਿਕਾਰੀ ਹੈ ਅਤੇ ਉਸ ਨੂੰ ਜਾਸੂਸੀ ਤੇ ਅਤਿਵਾਦ ਦੇ ਦੋਸ਼ਾਂ ਹੇਠ ਅਪਰੈਲ 2017 ’ਚ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ।
-ਪੀਟੀਆਈ
ਜਾਧਵ ਬਾਰੇ ਰਿਪੋਰਟ ਮਗਰੋਂ ਸਥਿਤੀ ਦਾ ਮੁਲਾਂਕਣ ਕਰਾਂਗੇ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 16 ਜੁਲਾਈ: ਭਾਰਤ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਪਾਕਿਸਤਾਨ ’ਚ ਮੌਤ ਦੀ ਸਜ਼ਾਯਾਫ਼ਤਾ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨਾਲ ਮੁਲਾਕਾਤ ਲਈ ਗਏ ਹਨ ਅਤੇ ਉਹ ਇਸ ਸਬੰਧੀ ਰਿਪੋਰਟ ਮਿਲਣ ਤੋਂ ਬਾਅਦ ਸਥਿਤੀ ਦਾ ਮੁਲਾਂਕਣ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ, ‘ਭਾਰਤ ਨੇ ਪਾਕਿਸਤਾਨ ਨੂੰ ਕੁਲਭੂਸ਼ਨ ਤੱਕ ਨਿਰਵਿਘਨ, ਬੇਰੋਕ ਤੇ ਬਿਨਾਂ ਸ਼ਰਤ ਰਸਾਈ ਲਈ ਅਰਜ਼ੀ ਦਿੱਤੀ ਸੀ। ਪਾਕਿਸਤਾਨ ਵੱਲੋਂ ਇਸ ਸਬੰਧੀ ਭਰੋਸਾ ਦਿੱਤੇ ਜਾਣ ਤੋਂ ਬਾਅਦ ਸਾਡੇ ਅਧਿਕਾਰੀ ਮੁਲਾਕਾਤ ਲਈ ਗਏ ਹਨ।’ ਉਨ੍ਹਾਂ ਕਿਹਾ ਕਿ ਭਾਰਤੀ ਅਧਿਕਾਰੀਆਂ ਦੇ ਵਾਪਸ ਆਉਣ ਤੇ ਉਨ੍ਹਾਂ ਵੱਲੋਂ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਹੀ ਭਾਰਤ ਵੱਲੋਂ ਸਥਿਤੀ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਇਸ ਬਾਰੇ ਕੋਈ ਟਿੱਪਣੀ ਕੀਤੀ ਜਾਵੇਗੀ।
-ਪੀਟੀਆਈ