ਵਾਸ਼ਿੰਗਟਨ, 20 ਮਈ
ਅਮਰੀਕਾ ਨੇ ਹੁਣ ਤੱਕ ਭਾਰਤ ਨੂੰ 50 ਕਰੋੜ ਡਾਲਰ ਤੋਂ ਵੱਧ ਦੀ ਕੋਵਿਡ- 19 ਸਹਾਇਤਾ ਮੁਹੱਈਆ ਕਰਵਾਈ ਹੈ। ਵਾਈਟ ਹਾਊਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੂਜੇ ਮੁਲਕਾਂ ਨੂੰ ਅੱਠ ਕਰੋੜ ਟੀਕਿਆਂ ਦੀ ਵੰਡ ਕਰਨ ਬਾਰੇ ਉਹ ਜਲਦੀ ਹੀ ਫ਼ੈਸਲਾ ਲਵੇਗਾ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਇੱਕ ਵਰਚੁਅਲ ਪ੍ਰੈੱਸ ਕਾਨਫਰੰਸ ਵਿੱਚ ਵਾਈਟ ਹਾਊਸ ਵਿਦੇਸ਼ ਪ੍ਰੈੱਸ ਸਮੂਹ ਦੇ ਮੈਂਬਰਾਂ ਨੂੰ ਕਿਹਾ,‘ਹੁਣ ਤੱਕ ਅਮਰੀਕਾ ਨੇ ਭਾਰਤ ਨੂੰ 50 ਕਰੋੜ ਡਾਲਰ ਤੋਂ ਵੱਧ ਦੀ ਕੋਵਿਡ- 19 ਸਹਾਇਤਾ ਪਹੁੰਚਾਈ ਹੈ ਜਿਸ ਵਿੱਚ ਅਮਰੀਕਾ ਦੀ ਫੈੱਡਰਲ ਤੇ ਸੂਬਾ ਸਰਕਾਰਾਂ, ਅਮਰੀਕੀ ਕੰਪਨੀਆਂ ਤੇ ਸੰਸਥਾਵਾਂ ਤੇ ਆਮ ਨਾਗਰਿਕਾਂ ਵੱਲੋਂ ਦਿੱਤਾ ਗਿਆ ਯੋਗਦਾਨ ਸ਼ਾਮਲ ਹੈ।’ ਉਨ੍ਹਾਂ ਕਿਹਾ ਕਿ ਬਾਇਡਨ ਪ੍ਰਸ਼ਾਸਨ ਹੁਣ ਉਨ੍ਹਾਂ ਹੋਰ ਦੱਖਣ-ਏਸ਼ਿਆਈ ਮੁਲਕਾਂ ਨੂੰ ਸਹਾਇਤਾ ਦੇਣ ਸਬੰਧੀ ਕੰੰਮ ਕਰ ਰਿਹਾ ਹੈ ਜੋ ਕੋਵਿਡ- 19 ਮਹਾਮਾਰੀ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ,‘ਅਸੀਂ ਹਵਾਈ ਮਾਰਗ ਰਾਹੀਂ ਸੱਤ ਖੇਪਾਂ ਭੇਜੀਆਂ ਹਨ ਜਿਨ੍ਹਾਂ ਵਿੱਚ ਮੈਡੀਕਲ ਰਾਹਤ ਸਮੱਗਰੀ ਸ਼ਾਮਲ ਹੈ। -ਪੀਟੀਆਈ