ਕੋਲੰਬੋ, 11 ਜੁਲਾਈ
ਭਾਰਤ ਨੇ ਸ੍ਰੀਲੰਕਾ ’ਚ ਵਿਗੜੇ ਹਾਲਾਤ ’ਤੇ ਕਾਬੂ ਪਾਉਣ ਲਈ ਉਥੇ ਫ਼ੌਜ ਭੇਜਣ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਮਈ ’ਚ ਵੀ ਭਾਰਤੀ ਹਾਈ ਕਮਿਸ਼ਨ ਨੇ ਮੀਡੀਆ ’ਚ ਆਈਆਂ ਅਜਿਹੀਆਂ ਰਿਪੋਰਟਾਂ ਨੂੰ ਖਾਰਜ ਕੀਤਾ ਸੀ। ਭਾਰਤੀ ਹਾਈ ਕਮਿਸ਼ਨ ਨੇ ਦੇਰ ਰਾਤ ਇਕ ਟਵੀਟ ’ਚ ਕਿਹਾ,‘‘ਸ੍ਰੀਲੰਕਾ ’ਚ ਭਾਰਤ ਵੱਲੋਂ ਫ਼ੌਜ ਭੇਜਣ ਦੀਆਂ ਮੀਡੀਆ ਦੇ ਇਕ ਵਰਗ ਅਤੇ ਸੋਸ਼ਲ ਮੀਡੀਆ ’ਤੇ ਫੈਲੀਆਂ ਰਿਪੋਰਟਾਂ ਨੂੰ ਅਸੀਂ ਪੂਰੀ ਤਰ੍ਹਾਂ ਨਾਲ ਰੱਦ ਕਰਦੇ ਹਾਂ। ਇਹ ਖ਼ਬਰਾਂ ਅਤੇ ਅਜਿਹੇ ਵਿਚਾਰ ਭਾਰਤ ਸਰਕਾਰ ਦੇ ਰਵੱਈਏ ਮੁਤਾਬਕ ਨਹੀਂ ਹਨ।’’ ਹਾਈ ਕਮਿਸ਼ਨ ਦਾ ਇਹ ਟਵੀਟ ਭਾਜਪਾ ਦੇ ਸੀਨੀਅਰ ਆਗੂ ਸੁਬਰਾਮਣੀਅਨ ਸਵਾਮੀ ਦੇ ਟਵੀਟ ਮਗਰੋਂ ਆਇਆ ਹੈ। ਸਵਾਮੀ ਨੇ ਟਵੀਟ ਕਰਕੇ ਕਿਹਾ ਸੀ,‘‘ਗੋਟਾਬਾਯਾ ਅਤੇ ਮਹਿੰਦਾ ਰਾਜਪਕਸਾ ਦੋਵੇਂ ਹੀ ਭਾਰੀ ਬਹੁਮਤ ਨਾਲ ਚੋਣਾਂ ਜਿੱਤ ਕੇ ਆਏ ਹਨ। ਭਾਰਤ ਕਿਵੇਂ ਭੀੜ ਨੂੰ ਚੋਣਾਂ ਦੇ ਫ਼ੈਸਲੇ ਨੂੰ ਪਲਟਣ ਦੀ ਇਜਾਜ਼ਤ ਦੇ ਸਕਦਾ ਹੈ? ਫਿਰ ਤਾਂ ਸਾਡੇ ਗੁਆਂਢ ’ਚ ਕੋਈ ਵੀ ਜਮਹੂਰੀ ਮੁਲਕ ਸੁਰੱਖਿਅਤ ਨਹੀਂ ਰਹੇਗਾ। ਜੇਕਰ ਰਾਜਪਕਸੇ ਭਾਰਤ ਤੋਂ ਫ਼ੌਜੀ ਸਹਾਇਤਾ ਚਾਹੁੰਦੇ ਹਨ ਤਾਂ ਸਾਨੂੰ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।’’ ਹਾਈ ਕਮਿਸ਼ਨ ਨੇ ਇਹ ਵੀ ਕਿਹਾ ਕਿ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਭਾਰਤ, ਸ੍ਰੀਲੰਕਾ ਦੇ ਲੋਕਾਂ ਨਾਲ ਖੜ੍ਹਾ ਹੈ ਕਿਉਂਕਿ ਉਹ ਲੋਕਰਾਜੀ ਤਰੀਕਿਆਂ, ਸਥਾਪਿਤ ਅਦਾਰਿਆਂ ਅਤੇ ਸੰਵਿਧਾਨਕ ਢਾਂਚੇ ਰਾਹੀਂ ਖੁਸ਼ਹਾਲ ਤੇ ਤਰੱਕੀ ਲਈ ਆਪਣੀਆਂ ਖਾਹਿਸ਼ਾਂ ਪੂਰਾ ਕਰਨਾ ਚਾਹੁੰਦੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਐਤਵਾਰ ਨੂੰ ਕਿਹਾ ਸੀ ਕਿ ਭਾਰਤ, ਸ੍ਰੀਲੰਕਾ ਦੇ ਘਟਨਾਕ੍ਰਮ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। -ਪੀਟੀਆਈ
ਹਿਟਲਰ ਵਰਗੀ ਮਾਨਸਿਕਤਾ ਵਾਲੇ ਲੋਕ ਹੀ ਇਮਾਰਤਾਂ ਸਾੜਦੇ ਨੇ: ਵਿਕਰਮਸਿੰਘੇ
ਕੋਲੰਬੋ: ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਗਾਏ ਜਾਣ ਮਗਰੋਂ ਪਹਿਲੀ ਵਾਰ ਜਨਤਕ ਤੌਰ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਿਰਫ਼ ਹਿਟਲਰ ਵਰਗੀ ਮਾਨਸਿਕਤਾ ਵਾਲੇ ਲੋਕ ਹੀ ਇਮਾਰਤਾਂ ’ਚ ਅੱਗ ਲਗਾ ਸਕਦੇ ਹਨ। ਟੀਵੀ ’ਤੇ ਪ੍ਰਸਾਰਿਤ ਬਿਆਨ ’ਚ ਵਿਕਰਮਸਿੰਘੇ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਦਾ ਅਹੁਦਾ ਇਸ ਲਈ ਸਵੀਕਾਰ ਕੀਤਾ ਸੀ ਕਿਉਂਕਿ ਅਰਥਚਾਰਾ ਸੰਕਟ ’ਚ ਸੀ। ਉਨ੍ਹਾਂ ਮੁਤਾਬਕ ਕੌਮਾਂਤਰੀ ਮੁਦਰਾ ਕੋਸ਼ ਨੇ ਕਿਹਾ ਹੈ ਕਿ ਸ੍ਰੀਲੰਕਾ ’ਚ ਅਰਥਚਾਰਾ ਸੁਧਾਰਨ ’ਚ ਕਰੀਬ ਚਾਰ ਸਾਲ ਲੱਗਣਗੇ। -ਪੀਟੀਆਈ
ਸਰਬ ਪਾਰਟੀ ਸਰਕਾਰ ਬਣਨ ਮਗਰੋਂ ਮੌਜੂਦਾ ਕੈਬਨਿਟ ਅਸਤੀਫ਼ਾ ਦੇਵੇਗੀ
ਕੋਲੰਬੋ: ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੇ ਦਫ਼ਤਰ ਨੇ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਦੀ ਅੰਤਰਿਮ ਸਰਕਾਰ ਬਣਨ ਮਗਰੋਂ ਪੂਰੀ ਸ੍ਰੀਲੰਕਨ ਕੈਬਨਿਟ ਵੱਲੋਂ ਅਸਤੀਫ਼ਾ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਬਨਿਟ ਦੇ ਸਾਰੇ ਮੈਂਬਰਾਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਜਿਵੇਂ ਹੀ ਨਵੀਂ ਅੰਤਰਿਮ ਸਰਕਾਰ ਬਣੇਗੀ ਤਾਂ ਉਸ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਜਾਣਗੀਆਂ। ਵਿਕਰਮਸਿੰਘੇ ਨੇ ਸੋਮਵਾਰ ਸਵੇਰੇ ਕੈਬਨਿਟ ਮੰਤਰੀਆਂ ਨਾਲ ਮੁਲਕ ਦੇ ਵਿਗੜ ਰਹੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ।
ਨਵੇਂ ਰਾਸ਼ਟਰਪਤੀ ਦੀ ਚੋਣ 20 ਨੂੰ ਕਰੇਗੀ ਸ੍ਰੀਲੰਕਾ ਦੀ ਸੰਸਦ
ਕੋਲੰਬੋ: ਸ੍ਰੀਲੰਕਾ ਦੀ ਸੰਸਦ ਵੱਲੋਂ ਨਵੇਂ ਰਾਸ਼ਟਰਪਤੀ ਦੀ 20 ਜੁਲਾਈ ਨੂੰ ਚੋਣ ਕੀਤੀ ਜਾਵੇਗੀ ਜੋ ਗੋਟਾਬਾਯਾ ਰਾਜਪਕਸੇ ਦੀ ਥਾਂ ਲਵੇਗਾ ਜਿਸ ਨੇ 13 ਜੁਲਾਈ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਸਪੀਕਰ ਮਹਿੰਦਾ ਯਪਾ ਅਬੇਯਵਰਦਨਾ ਨੇ ਸਾਰੀਆਂ ਪਾਰਟੀਆਂ ਦੀ ਅੱਜ ਇਥੇ ਹੋਈ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ। ਰਾਸ਼ਟਰਪਤੀ ਰਾਜਪਕਸੇ ਨੇ ਅਜੇ ਰਸਮੀ ਤੌਰ ’ਤੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ ਪਰ ਅੱਜ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਵੀ ਕਿਹਾ ਹੈ ਕਿ ਰਾਜਪਕਸੇ 13 ਜੁਲਾਈ ਨੂੰ ਅਹੁਦੇ ਤੋਂ ਲਾਂਭੇ ਹੋ ਜਾਣਗੇ। ਸਪੀਕਰ ਅਬੇਯਵਰਦਨਾ ਨੇ ਕਿਹਾ,‘‘ਰਾਜਪਕਸੇ ਦਾ ਬੁੱਧਵਾਰ ਨੂੰ ਅਸਤੀਫ਼ਾ ਮਿਲਣ ਮਗਰੋਂ 15 ਜੁਲਾਈ ਨੂੰ ਸੰਸਦ ਦਾ ਇਜਲਾਸ ਸੱਦਿਆ ਜਾਵੇਗਾ ਜਿਸ ’ਚ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਣ ਦਾ ਐਲਾਨ ਕੀਤਾ ਜਾਵੇਗਾ। ਇਸ ਮਗਰੋਂ 19 ਜੁਲਾਈ ਨੂੰ ਨਾਮਜ਼ਦਗੀਆਂ ਲਈਆਂ ਜਾਣਗੀਆਂ। ਨਵਾਂ ਰਾਸ਼ਟਰਪਤੀ ਚੁਣਨ ਲਈ 20 ਜੁਲਾਈ ਨੂੰ ਸੰਸਦ ’ਚ ਮਤਦਾਨ ਹੋਵੇਗਾ।’’ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਸ੍ਰੀਲੰਕਾ ਦੇ ਸੰਵਿਧਾਨ ਤਹਿਤ ਜੇਕਰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਸਤੀਫ਼ੇ ਦੇ ਦਿੰਦੇ ਹਨ ਤਾਂ ਸਪੀਕਰ ਜ਼ਿਆਦਾ ਤੋਂ ਜ਼ਿਆਦਾ 30 ਦਿਨਾਂ ਲਈ ਕਾਰਜਕਾਰੀ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਏਗਾ। ਸੰਸਦ ਵੱਲੋਂ 30 ਦਿਨਾਂ ਦੇ ਅੰਦਰ ਅੰਦਰ ਆਪਣੇ ਹੀ ਇਕ ਮੈਂਬਰ ਦੀ ਨਵੇਂ ਰਾਸ਼ਟਰਪਤੀ ਵਜੋਂ ਚੋਣ ਕੀਤੀ ਜਾਵੇਗੀ ਜੋ ਮੌਜੂਦਾ ਕਾਰਜਕਾਲ ਦੇ ਬਾਕੀ ਰਹਿੰਦੇ ਦੋ ਵਰ੍ਹੇ ਮੁਕੰਮਲ ਕਰੇਗਾ।
ਇਸ ਦੌਰਾਨ ਸਪੀਕਰ ਦੇ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਗੋਟਾਬਾਯਾ ਰਾਜਪਕਸੇ ਸ੍ਰੀਲੰਕਾ ’ਚ ਹੀ ਹਨ ਅਤੇ ਉਹ ਮੁਲਕ ਛੱਡ ਕੇ ਨਹੀਂ ਭੱਜੇ ਹਨ। ਸੂਤਰਾਂ ਮੁਤਾਬਕ ਰਾਜਪਕਸੇ ਸ੍ਰੀਲੰਕਾਈ ਜਲ ਸੈਨਾ ਦੇ ਕਿਸੇ ਟਿਕਾਣੇ ’ਤੇ ਛੁਪੇ ਹੋਏ ਹਨ। ਉਂਜ ਰਾਸ਼ਟਰਪਤੀ ਸਕੱਤਰੇਤ ਵੱਲੋਂ ਅਜੇ ਵੀ ਉਨ੍ਹਾਂ ਦੇ ਬਿਆਨ ਜਾਰੀ ਕੀਤੇ ਜਾ ਰਹੇ ਹਨ ਜਦਕਿ ਹਜ਼ਾਰਾਂ ਲੋਕਾਂ ਨੇ ਸ਼ਨਿਚਰਵਾਰ ਨੂੰ ਰਾਸ਼ਟਰਪਤੀ ਭਵਨ ’ਤੇ ਕਬਜ਼ਾ ਕਰ ਲਿਆ ਸੀ ਅਤੇ ਉਹ ਅਜੇ ਵੀ ਉਥੋਂ ਦੀਆਂ ਆਲੀਸ਼ਾਨ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ। ਲੋਕ ਉਚੇਚੇ ਤੌਰ ’ਤੇ ਖਿੱਚ ਦਾ ਕੇਂਦਰ ਬਣੇ ਰਾਸ਼ਟਰਪਤੀ ਭਵਨ ਪਹੁੰਚ ਰਹੇ ਹਨ ਅਤੇ ਉਥੇ ਸਵੀਮਿੰਗ ਪੂਲ, ਜਿਮ, ਬਿਸਤਰਿਆਂ ਅਤੇ ਪਾਰਕਾਂ ਆਦਿ ’ਚ ਸੈਲਫੀਆਂ ਲੈ ਰਹੇ ਹਨ।