ਨਵੀਂ ਦਿੱਲੀ, 1 ਜੁਲਾਈ
ਭਾਰਤ ਨੇ ਅੱਜ ਪਾਕਿਸਤਾਨ ਨੂੰ ਉਨ੍ਹਾਂ 536 ਭਾਰਤੀ ਮਛੇਰਿਆਂ ਤੇ ਤਿੰਨ ਆਮ ਕੈਦੀਆਂ ਨੂੰ ਰਿਹਾਅ ਕਰਨ ਅਤੇ ਮੁਲਕ ਵਾਪਸ ਭੇਜਣ ਲਈ ਕਿਹਾ ਹੈ ਜੋ ਆਪਣੀ ਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਜਿਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਭਾਰਤ ਨੇ ਪਾਕਿਸਤਾਨ ਨੂੰ 105 ਮਛੇਰਿਆਂ ਤੇ 20 ਆਮ ਕੈਦੀਆਂ ਤੱਕ ਕੌਂਸਲਰ ਦੀ ਪਹੁੰਚ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਇਹ ਪਾਕਿਸਤਾਨ ਦੀ ਹਿਰਾਸਤ ਵਿਚ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਭਾਰਤੀ ਹਨ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ 2008 ’ਚ ਕੈਦੀਆਂ ਦੀ ਅਦਲਾ-ਬਦਲੀ ਬਾਰੇ ਇਕ ਸਮਝੌਤਾ ਹੋਇਆ ਸੀ। ਇਸ ਤਹਿਤ ਦੋਵੇਂ ਮੁਲਕ ਪਹਿਲਾਂ ਇਕ-ਦੂਜੇ ਨੂੰ ਕੈਦੀਆਂ ਦੀ ਸੂਚੀ ਸੌਂਪਦੇ ਹਨ। ਭਾਰਤ ਨੇ ਇਸੇ ਸੰਦਰਭ ਵਿਚ ਪਾਕਿਸਤਾਨ ਨੂੰ ਇਹ ਅਪੀਲ ਕੀਤੀ ਹੈ। ਦੋਵੇਂ ਮੁਲਕ ਆਮ ਤੌਰ ’ਤੇ ਪਹਿਲੀ ਜਨਵਰੀ ਤੇ ਪਹਿਲੀ ਜੁਲਾਈ ਨੂੰ ਕੈਦੀ ਸੌਂਪਣ ਬਾਰੇ ਇਕ-ਦੂਜੇ ਨੂੰ ਅਪੀਲ ਕਰਦੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ 309 ਪਾਕਿਸਤਾਨੀ ਨਾਗਰਿਕ ਕੈਦੀਆਂ ਤੇ 95 ਮਛੇਰਿਆਂ ਦੀ ਸੂਚੀ ਪਾਕਿਸਤਾਨ ਨੂੰ ਸੌਂਪੀ ਹੈ ਜੋ ਭਾਰਤ ਦੀ ਹਿਰਾਸਤ ਵਿਚ ਹਨ। ਇਸੇ ਤਰ੍ਹਾਂ ਪਾਕਿਸਤਾਨ ਨੇ ਵੀ 49 ਨਾਗਰਿਕ ਕੈਦੀਆਂ ਤੇ 633 ਮਛੇਰਿਆਂ ਦੀ ਸੂਚੀ ਭਾਰਤ ਨੂੰ ਸੌਂਪੀ ਸੀ ਜੋ ਕਿ ਉਨ੍ਹਾਂ ਦੀ ਹਿਰਾਸਤ ਵਿਚ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ, ‘ਸਰਕਾਰ ਨੇ ਨਾਗਰਿਕ ਕੈਦੀਆਂ, ਲਾਪਤਾ ਭਾਰਤੀ ਰੱਖਿਆ ਕਰਮੀਆਂ ਤੇ ਮਛੇਰਿਆਂ ਦੀ ਜਲਦੀ ਰਿਹਾਈ ਤੇ ਉਨ੍ਹਾਂ ਨੂੰ ਮੁਲਕ ਭੇਜਣ ਦੀ ਮੰਗ ਕੀਤੀ ਹੈ, ਮਛੇਰਿਆਂ ਦੀਆਂ ਕਿਸ਼ਤੀਆਂ ਛੱਡਣ ਦੀ ਮੰਗ ਵੀ ਕੀਤੀ ਗਈ ਹੈ।’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਮਨੁੱਖੀ ਮਾਮਲਿਆਂ ਨਾਲ ਜੁੜੇ ਹਰ ਮੁੱਦੇ ਦੇ ਹੱਲ ਨੂੰ ਪਹਿਲ ਦੇਣ ਲਈ ਵਚਨਬੱਧ ਹੈ। ਇਨ੍ਹਾਂ ਵਿਚ ਕੈਦੀਆਂ ਤੇ ਮਛੇਰਿਆਂ ਦੀ ਰਿਹਾਈ ਨਾਲ ਜੁੜੇ ਮਾਮਲੇ ਵੀ ਸ਼ਾਮਲ ਹਨ। -ਪੀਟੀਆਈ