ਨਵੀਂ ਦਿੱਲੀ: ਪੂਰਬੀ ਲੱਦਾਖ ’ਚ ਟਕਰਾਅ ਵਾਲੀਆਂ ਵੱਖ ਵੱਖ ਥਾਵਾਂ ਤੋਂ ਫ਼ੌਜਾਂ ਪਿੱਛੇ ਹਟਾਉਣ ਬਾਰੇ ਭਾਰਤ ਅਤੇ ਚੀਨ ਵਿਚਕਾਰ ਫ਼ੌਜੀ ਪੱਧਰ ਦੀ ਸ਼ੁੱਕਰਵਾਰ ਨੂੰ ਹੋਈ ਵਾਰਤਾ ਕਰੀਬ 13 ਘੰਟਿਆਂ ਤੱਕ ਚੱਲੀ। ਵਾਰਤਾ ਦੌਰਾਨ ਦੋਵੇਂ ਮੁਲਕ ਪੂਰਬੀ ਲੱਦਾਖ ’ਚ ਸਥਿਰਤਾ ਬਣਾਉਣ ਅਤੇ ਨਵੀਆਂ ਘਟਨਾਵਾਂ ਤੋਂ ਗੁਰੇਜ਼ ਕਰਨ ਲਈ ਸਹਿਮਤ ਹੋ ਗਏ।
ਬਿਆਨ ਮੁਤਾਬਕ ਦੋਵੇਂ ਮੁਲਕ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਕਾਇਮ ਲਈ ਵੀ ਸਹਿਮਤ ਹੋ ਗਏ ਹਨ। ਦੋਵੇਂ ਮੁਲਕਾਂ ਦੇ ਕੋਰ ਕਮਾਂਡਰਾਂ ਵਿਚਕਾਰ 11ਵੇਂ ਗੇੜ ਦੀ ਵਾਰਤਾ ਸਵੇਰੇ ਸਾਢੇ 10 ਵਜੇ ਚੁਸ਼ੂਲ ’ਚ ਸ਼ੁਰੂ ਹੋਈ ਸੀ ਜੋ ਰਾਤ ਸਾਢੇ 11 ਵਜੇ ਤੱਕ ਜਾਰੀ ਰਹੀ। ਭਾਰਤੀ ਵਫ਼ਦ ਦੀ ਅਗਵਾਈ 14 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਪੀ ਜੀ ਕੇ ਮੈਨਨ ਨੇ ਕੀਤੀ।ਮੌਜੂਦਾ ਵਾਰਤਾ ਦੌਰਾਨ ਹੌਟ ਸਪਰਿੰਗਜ਼, ਗੋਗਰਾ ਅਤੇ ਦੇਪਸਾਂਗ ਦੇ ਮੈਦਾਨੀ ਇਲਾਕਿਆਂ ’ਚੋਂ ਫ਼ੌਜਾਂ ਦੀ ਵਾਪਸੀ ਬਾਰੇ ਵਿਚਾਰ ਵਟਾਂਦਰਾ ਹੋਇਆ। ਭਾਰਤੀ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਰਮੀਆਂ ਤੋਂ ਪਹਿਲਾਂ ਅਸਲ ਕੰਟਰੋਲ ਰੇਖਾ ਤੋਂ ਫ਼ੌਜਾਂ ਪਿੱਛੇ ਹਟਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਨੂੰ ਹਾਲਾਤ ਸੁਖਾਵੇਂ ਬਣਾਉਣ ਲਈ ਆਪਣੇ ਮੂਲ ਸਥਾਨਾਂ ’ਤੇ ਪਰਤਣ ਦੀ ਲੋੜ ਹੈ। -ਆਈਏਐਨਐਸ/ਪੀਟੀਆਈ