ਲੰਡਨ, 27 ਜੂਨ
ਭਾਰਤ ਅਤੇ ਯੂਕੇ ਦੋਵੇਂ ਦੇਸ਼ਾਂ ਦੇ ਨੌਜਵਾਨਾਂ ਅਤੇ ਚਾਹਵਾਨ ਰਣਨੀਤਕਾਂ ਨੂੰ ਟਰੇਨਿੰਗ ਦੇਣ ਲਈ ਇੱਕ ਸਾਂਝਾ ਰਾਸ਼ਟਰਮੰਡਲ ਰਣਨੀਤਕ ਅਕੈਡਮੀ ਪ੍ਰੋਗਰਾਮ ਸ਼ੁਰੂ ਕਰਨਗੇ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੀ ਬਰਤਾਨਵੀ ਹਮਰੁਤਬਾ ਵਿਦੇਸ਼ ਸਕੱਤਰ ਲਿਜ਼ ਟਰੱਸ ਨੇ ਪਿਛਲੇ ਹਫ਼ਤੇ ਰਵਾਂਡਾ ਵਿੱਚ ਇੱਕ ਮੀਟਿੰਗ ਮਗਰੋਂ ਨਵੀਂ ਅਕੈਡਮੀ ਸਥਾਪਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਹ ਅਕੈਡਮੀ ਰਾਸ਼ਟਰਮੰਡਲ ਦੀਆਂ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਹੋਵੇਗੀ।
ਟਰੱਸ ਨੇ ਕਿਹਾ, ‘‘ਇਸ ਪ੍ਰੋਗਰਾਮ ਦੇ ਗਰੈਜੂਏਟ ਸਵੈ-ਨਿਰਣੈ ਦੇ ਸਮਰਥਨ ਵਿੱਚ ਰਾਸ਼ਟਰਮੰਡਲ ਨੂੰ ਇਕਜੁੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ, ‘‘ਮੌਜੂਦਾ ਭੂ-ਰਾਜਨੀਤਕ ਵਿਸ਼ਵ ਵਿੱਚ ਸਾਨੂੰ ਜਮਹੂਰੀ ਅਤੇ ਪ੍ਰਭੂਸੱਤਾ ਦੇ ਰਾਸ਼ਟਰਮੰਡਲ ਮੁੱਲਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਯੂਕੇ ਅਤੇ ਭਾਰਤ ਇੱਕਵੀਂ ਸਦੀ ਲਈ ਅਨੁਕੂਲ ਅਤੇ ਆਧੁਨਿਕ ਰਾਸ਼ਟਰਮੰਡਲ ਬਣਾਉਣ ਲਈ ਮਦਦ ਕਰ ਰਹੇ ਹਨ ਅਤੇ ਆਪਣੇ ਮੈਂਬਰਾਂ ਨੂੰ ਲਾਭ ਪਹੁੰਚਾ ਰਹੇ ਹਨ। ਟਰੱਸ ਨੇ ਆਖਿਆ, ‘‘ਇਸੇ ਕਰਕੇ ਅਸੀਂ ਇੱਕ ਨਵੇਂ ਰਾਸ਼ਟਰਮੰਡਲ ਰਣਨੀਤਕ ਅਕੈਡਮੀ ਪ੍ਰੋਗਰਾਮ ’ਤੇ ਮਿਲ ਕੇ ਕੰਮ ਕਰ ਰਹੇ ਹਾਂ ਜਿਹੜਾ ਨੌਜਵਾਨ ਰਣਨੀਤਕਾਂ ਨੂੰ ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਲਈ ਸਿਖਲਾਈ ਦੇਵੇਗਾ।’’ -ਪੀਟੀਆਈ