ਨੈਰੋਬੀ, 14 ਜੂਨ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕੀਨੀਆ ਦੇ ਚੋਟੀ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ। ਅਫ਼ਰੀਕੀ ਮੁਲਕ ਦੇ ਦੌਰੇ ਉਤੇ ਗਏ ਜੈਸ਼ੰਕਰ ਨੇ ਇਸ ਮੌਕੇ ਉੱਥੋਂ ਦੇ ਮੰਤਰੀਆਂ ਨਾਲ ਦੁਵੱਲੇ ਰਿਸ਼ਤਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਹੋਈ ਮੰਤਰੀ ਪੱਧਰ ਦੀ ਗੋਲ ਮੇਜ਼ ਵਾਰਤਾ ਦੌਰਾਨ ਦੋਵਾਂ ਮੁਲਕਾਂ ਨੇ ਵਿਆਪਕ ਭਾਈਵਾਲੀ ਕਾਇਮ ਕਰਨ ਬਾਰੇ ਚਰਚਾ ਕੀਤੀ। ਕੀਨੀਆ ਵੱਲੋਂ ਇਸ ਮੌਕੇ ਵਿਦੇਸ਼ ਮੰਤਰੀ ਰਸ਼ੇਲ ਓਮਾਮੋ ਹਾਜ਼ਰ ਸਨ ਤੇ ਦੁਵੱਲੇ ਸਬੰਧਾਂ ਦੇ ਹਰ ਪੱਖ ਉਤੇ ਚਰਚਾ ਕੀਤੀ ਗਈ। ਮੀਟਿੰਗ ਵਿਚ ਕੀਨੀਆ ਦੀ ਰੱਖਿਆ ਮੰਤਰੀ ਮੋਨਿਕਾ ਜੂਮਾ, ਵਪਾਰ ਤੇ ਉਦਯੋਗ ਮੰਤਰੀ ਬੈਟੀ ਸੀ ਮੇਨਾ, ਸੂਚਨਾ ਤੇ ਸੰਚਾਰ ਤਕਨੀਕ ਮੰਤਰੀ ਜੋਅ ਮੁਚੇਰੂ ਅਤੇ ਹੋਰ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਜੈਸ਼ੰਕਰ ਨੇ ਟਵੀਟ ਕਰਦਿਆਂ ਸਾਰੇ ਸੀਨੀਅਰ ਮੰਤਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕੀਨੀਆ ਦੇ ਮੰਤਰੀਆਂ ਵੱਲੋਂ ਮੀਟਿੰਗ ਦੌਰਾਨ ਰੱਖੇ ‘ਵਿਚਾਰਾਂ’, ਉਨ੍ਹਾਂ ਵੱਲੋਂ ਦਿਖਾਏ ਉਤਸ਼ਾਹ ਤੇ ਪ੍ਰਗਟਾਈ ਵਚਨਬੱਧਤਾ ਦੀ ਸ਼ਲਾਘਾ ਵੀ ਕੀਤੀ। ਜ਼ਿਕਰਯੋਗ ਹੈ ਕਿ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਸ਼ਨਿਚਰਵਾਰ ਤਿੰਨ ਦਿਨਾਂ ਦੇ ਦੌਰੇ ਉਤੇ ਕੀਨੀਆ ਪੁੱਜੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਇੱਥੇ ਭਾਰਤੀ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕੀਤੀ। ਐਤਵਾਰ ਉਨ੍ਹਾਂ ਕੀਨੀਆ ਵਿਚਲੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਆਨਲਾਈਨ ਰਾਬਤਾ ਕੀਤਾ। ਇਸ ਦੌਰਾਨ ਕੀਨੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਵੀਰੇਂਦਰ ਪੌਲ ਵੀ ਹਾਜ਼ਰ ਸਨ। ਭਾਰਤ ਤੇ ਕੀਨੀਆ ਇਸ ਵੇਲੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਆਪਣਾ ਕਾਰਜਕਾਲ ਪੂਰਾ ਕਰ ਰਹੇ ਹਨ। ਦੋਵੇਂ ਰਾਸ਼ਟਰਮੰਡਲ ਦੇ ਵੀ ਮੈਂਬਰ ਹਨ। -ਪੀਟੀਆਈ