ਯੋਰੋਸ਼ਲਮ, 21 ਦਸੰਬਰ
ਭਾਰਤ ਤੇ ਇਜ਼ਰਾਈਲ ਨੇ ਅੱਜ ਸਿਹਤ ਤੇ ਦਵਾਈਆਂ ਦੇ ਖੇਤਰ ਵਿਚ ਸਹਿਯੋਗ ਲਈ ਸਮਝੌਤਾ ਸਹੀਬੱਧ ਕੀਤਾ ਹੈ। ਇਸ ਤਹਿਤ ਵਾਤਾਵਰਨ ਪੱਖੀ ਢਾਂਚਾ ਉਸਾਰਨ ਤੇ ‘ਗ੍ਰੀਨ ਹੈਲਥਕੇਅਰ’ ’ਚ ਮਦਦ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸਮਝੌਤਾ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਬੀ ਐਸ਼ਕੇਨਾਜ਼ੀ ਤੇ ਭਾਰਤੀ ਰਾਜਦੂਤ ਸੰਜੀਵ ਸਿੰਗਲਾ ਵਿਚਾਲੇ ਸਹੀਬੱਧ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 2003 ਵਿਚ ਵੀ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਸਿਰੇ ਚੜ੍ਹਿਆ ਸੀ ਤੇ ਇਹ ਨਵਾਂ ਸਮਝੌਤਾ ਹੁਣ ਉਸ ਦੀ ਥਾਂ ਲਏਗਾ। ਇਜ਼ਰਾਇਲੀ ਵਿਦੇਸ਼ ਮੰਤਰੀ ਨੇ ਦੋਵਾਂ ਮੁਲਕਾਂ ਵਿਚਾਲੇ ਜਾਰੀ ਸਹਿਯੋਗ ਉਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕੋਵਿਡ-19 ਖ਼ਿਲਾਫ਼ ਕੀਤੇ ਜਾ ਰਹੇ ਸਾਂਝੇ ਯਤਨਾਂ ਦਾ ਵੀ ਜ਼ਿਕਰ ਕੀਤਾ। ਮੰਤਰੀ ਨੇ ਕਿਹਾ ਕਿ ਪਾਣੀ ਪ੍ਰਬੰਧਨ ਦੇ ਖੇਤਰ ਵਿਚ ਸਹਿਯੋਗ ਹੋਰ ਵਧਾਇਆ ਜਾ ਸਕਦਾ ਹੈ। -ਪੀਟੀਆਈ