ਵਾਸ਼ਿੰਗਟਨ, 17 ਸਤੰਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਭਾਰਤ ਅਤੇ ਚੀਨ ਦੇ ਆਗੂਆਂ ਵੱਲੋਂ ਯੂਕਰੇਨ ਜੰਗ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਾਹਮਣੇ ਆਪਣੀਆਂ ਚਿੰਤਾਵਾਂ ਜ਼ਾਹਿਰ ਕੀਤਾ ਜਾਣਾ ਇਹ ਦਿਖਾਉਂਦਾ ਹੈ ਕਿ ਵਿਸ਼ਵ ਇਸ ਹਮਲੇ ਦੇ ਅਸਰ ਨੂੰ ਲੈ ਕੇ ਫਿਕਰਮੰਦ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਪੂਤਿਨ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ’ਚ ਜੰਗ ਜਲਦੀ ਖ਼ਤਮ ਕਰਨ ’ਤੇ ਜ਼ੋਰ ਦਿੰਦੇ ਹੋਏ ਕਿਹਾ ਸੀ ਕਿ ‘ਅੱਜ ਦਾ ਸਮਾਂ ਜੰਗ ਦਾ ਨਹੀਂ ਹੈ।’’ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਲਾਨਾ ਸਿਖਰ ਸੰਮੇਲਨ ਤੋਂ ਵੱਖਰੇ ਤੌਰ ’ਤੇ ਇਕ ਦੋ ਧਿਰੀ ਮੀਟਿੰਗ ਵਿੱਚ ਸ੍ਰੀ ਮੋਦੀ ਨੇ ਯੂਕਰੇਨ ’ਚ ਅਸਥਿਰਤਾ ਨੂੰ ਜਲਦੀ ਤੋਂ ਜਲਦੀ ਸਮਾਪਤ ਕਰਨ ਦੀ ਅਪੀਲ ਕਰਦੇ ਹੋਏ, ‘‘ਲੋਕਤੰਤਰ, ਸੰਵਾਦ ਅਤੇ ਕੂਟਨੀਤੀ’’ ਦੀ ਅਹਿਮੀਅਤ ਦੀ ਲੋੜ ’ਤੇ ਜ਼ੋਰ ਦਿੱਤਾ। ਬਲਿੰਕਨ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਸ਼ੁੱਕਰਵਾਰ ਨੂੰ ਕਿਹਾ, ‘‘ਤੁਸੀਂ ਚੀਨ, ਭਾਰਤ ਤੋਂ ਜੋ ਸੁਣ ਰਹੇ ਹੋ, ਉਹ ਵਿਸ਼ਵ ਦੀ ਚਿੰਤਾ ਨੂੰ ਦਿਖਾਉਂਦਾ ਹੈ।’’ -ਪੀਟੀਆਈ