* ਬੰਗਲਾਦੇਸ਼ ਨੂੰ ਫ਼ਿਰਕੂ ਸਦਭਾਵਨਾ ਦੀ ਮਿਸਾਲ ਦੱਸਿਆ
ਢਾਕਾ, 27 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਸਥਿਰਤਾ, ਸਨੇਹ ਅਤੇ ਸ਼ਾਂਤੀ ਚਾਹੁੰਦੇ ਹਨ ਨਾ ਕਿ ਅਤਿਵਾਦ ਅਤੇ ਅਸ਼ਾਂਤੀ। ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਆਪਣੀ ਤਰੱਕੀ ਵਿਚੋਂ ਦੁਨੀਆ ਨੂੰ ਤਰੱਕੀ ਕਰਦਿਆਂ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਨੂੰ ਸਾਂਝੀਆਂ ਚੁਣੌਤੀਆਂ ਨਾਲ ਮਿਲ ਕੇ ਨਜਿੱਠਣਾ ਚਾਹੀਦਾ ਹੈ। ਮਹਾਮਾਰੀ ਦੌਰਾਨ ਭਾਰਤ ਤੇ ਬੰਗਲਾਦੇਸ਼ ਨੇ ਆਪਣੀ ਸਮਰੱਥਾ ਨੂੰ ਸਾਬਿਤ ਕੀਤਾ ਹੈ। ਭਾਰਤ ’ਚ ਬਣੇ ਵੈਕਸੀਨ ਨੂੰ ਬੰਗਲਾਦੇਸ਼ ਤੱਕ ਪੁੱਜਦਾ ਕਰ ਕੇ ਭਾਰਤ ਆਪਣਾ ਫ਼ਰਜ਼ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿਕਾਸ ਦੇ ਮਾਮਲੇ ਵਿਚ ਬਹੁਤ ਚੰਗੀ ਉਦਾਹਰਨ ਪੇਸ਼ ਕਰ ਰਿਹਾ ਹੈ। ਭਾਰਤੀ ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਕਿ ਬੰਗਲਾਦੇਸ਼ ਫ਼ਿਰਕੂ ਸਦਭਾਵਨਾ ਦੀ ਵੱਡੀ ਮਿਸਾਲ ਹੈ। ਮੋਦੀ ਨੇ ਗੋਪਾਲਗੰਜ ਦੇ ਤੁੰਗੀਪਾੜਾ ਵਿਚ ਬੰਗਲਾਦੇਸ਼ ਦੀ ਉੱਘੀ ਸ਼ਖ਼ਸੀਅਤ ਸ਼ੇਖ ਮੁਜੀਬੁਰ ਰਹਿਮਾਨ ਦੇ ਮਕਬਰੇ ਉਤੇ ਜਾ ਕੇ ਉਨ੍ਹਾਂ ਨੂੰ ਅਕੀਦਤ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਹਮਰੁਤਬਾ ਸ਼ੇਖ ਹਸੀਨਾ ‘ਬੰਗਬੰਧੂ-ਬਾਪੂ’ ਡਿਜੀਟਲ ਪ੍ਰਦਰਸ਼ਨੀ ਵੀ ਦੇਖਣ ਗਏ। ਬੰਗਲਾਦੇਸ਼ ਦੇ ਸਤਖਿਰਾ ਜ਼ਿਲ੍ਹੇ ਵਿਚ ਸਥਿਤ ਦੇਵੀ ਕਾਲੀ ਦੇ ਮੰਦਰ ਵਿਚ ਵੀ ਉਨ੍ਹਾਂ ਮੱਥਾ ਟੇਕਿਆ। ਗੋਪਾਲਗੰਜ ਦੇ ਮੰਦਰ ਵਿਚ ਪ੍ਰਾਰਥਨਾ ਕਰਨ ਤੋਂ ਬਾਅਦ ਮੋਦੀ ਨੇ ਮਤੁਆ ਭਾਈਚਾਰੇ ਨੂੰ ਸੰਬੋਧਨ ਕੀਤਾ। ਗੋਪਾਲਗੰਜ ਦਾ ਓਰਕਾਂਡੀ ਅਧਿਆਤਮਕ ਹਿੰਦੂ ਸ਼ਖ਼ਸੀਅਤ ਤੇ ਮਤੁਆ ਭਾਈਚਾਰੇ ਦੇ ਗੁਰੂ ਹਰੀਚੰਦ ਠਾਕੁਰ ਦਾ ਜਨਮ ਸਥਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਓਰਕਾਂਡੀ ਆ ਕੇ ਉਹ ਉਸੇ ਤਰ੍ਹਾਂ ਮਹਿਸੂਸ ਕਰ ਰਹੇ ਹਨ ਜਿਸ ਤਰ੍ਹਾਂ ਭਾਰਤ ਰਹਿੰਦੇ ਭਾਈਚਾਰੇ ਦੇ ਮੈਂਬਰ ਮਹਿਸੂਸ ਕਰਦੇ ਹਨ। ਮੋਦੀ ਨੇ ਐਲਾਨ ਕੀਤਾ ਕਿ ਭਾਰਤ ਲੜਕੀਆਂ ਦੇ ਇਕ ਮਿਡਲ ਸਕੂਲ ਨੂੰ ਓਰਕਾਂਡੀ ਵਿਚ ਅਪਗ੍ਰੇਡ ਕਰੇਗਾ ਤੇ ਇਕ ਪ੍ਰਾਇਮਰੀ ਸਕੂਲ ਸਥਾਪਿਤ ਕਰੇਗਾ। ਪੱਛਮੀ ਬੰਗਾਲ ਦੇ ਭਾਜਪਾ ਸੰਸਦ ਮੈਂਬਰ ਸ਼ਾਂਤਨੂ ਠਾਕੁਰ ਵੀ ਓਰਕਾਂਡੀ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਮੌਜੂਦ ਸਨ। ਮੋਦੀ ਨੇ ਕਿਹਾ ਕਿ ਹਰੀਚੰਦ ਠਾਕੁਰ ਦੀ ਜਨਮ ਵਰ੍ਹੇਗੰਢ ’ਤੇ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਸ਼ਰਧਾਲੂ ਓਰਕਾਂਡੀ ਆਉਂਦੇ ਹਨ। ਉਨ੍ਹਾਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਭਾਰਤ ਸਰਕਾਰ ਹਰ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਠਾਕੁਰਨਗਰ ’ਚ ਵੀ ਭਾਈਚਾਰੇ ਦੇ ਸੁਨਹਿਰੇ ਇਤਿਹਾਸ ਨੂੰ ਸੁਰੱਖਿਅਤ ਕਰਨ ਲਈ ਕਈ ਕੋਸ਼ਿਸ਼ਾਂ ਹੋ ਰਹੀਆਂ ਹਨ। -ਪੀਟੀਆਈ ਮਤੁਆ ਭਾਈਚਾਰੇ ਨੂੰ ਸੰਬੋਧਨ ਰਾਹੀਂ ਬੰਗਾਲ ’ਚ ਛਾਪ ਛੱਡਣ ਦਾ ਯਤਨ ਹਿੰਦੂ ਮਤੁਆ ਭਾਈਚਾਰਾ ਪੱਛਮੀ ਬੰਗਾਲ ’ਚ ਵੀ ਵੱਡੀ ਗਿਣਤੀ ਵਿਚ ਰਹਿੰਦਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮੋਦੀ ਦਾ ਓਰਕਾਂਡੀ ਦੇ ਮੰਦਰ ਜਾਣਾ ਸਿਆਸੀ ਪੱਖ ਤੋਂ ਮਹੱਤਵਪੂਰਨ ਹੈ ਕਿਉਂਕਿ ਨਾਲੋ-ਨਾਲ ਪੱਛਮੀ ਬੰਗਾਲ ਵਿਚ ਚੋਣਾਂ ਵੀ ਹੋ ਰਹੀਆਂ ਹਨ। ਮਤੁਆ ਭਾਈਚਾਰੇ ਦੇ ਵੋਟ ਪੱਛਮੀ ਬੰਗਾਲ ਸੂਬੇ ਦੀਆਂ ਕੁਝ ਸੀਟਾਂ ’ਤੇ ਆਪਣੀ ਛਾਪ ਛੱਡਣ ਦੇ ਸਮਰੱਥ ਹਨ ਜਿੱਥੇ ਅੱਜ ਪਹਿਲੇ ਗੇੜ ਦੀਆਂ ਵੋਟਾਂ ਪਈਆਂ ਹਨ।
ਦੋਵਾਂ ਮੁਲਕਾਂ ਨੇ ਪੰਜ ਸਮਝੌਤੇ ਸਹੀਬੱਧ ਕੀਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਮੁਲਕਾਂ ਨੇ ਸੰਪਰਕ, ਊਰਜਾ, ਵਪਾਰ, ਸਿਹਤ ਤੇ ਵਿਕਾਸ ਨਾਲ ਜੁੜੇ ਪੰਜ ਸਮਝੌਤੇ ਸਹੀਬੱਧ ਕੀਤੇ। ਮੋਦੀ ਤੇ ਹਸੀਨਾ ਦੀ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਫ਼ਦਾਂ ਦੀ ਬੈਠਕ ਹੋਈ। ਭਾਰਤ ਨੇ ਇਸ ਮੌਕੇ 109 ਐਂਬੂਲੈਂਸਾਂ ਬੰਗਲਾਦੇਸ਼ ਨੂੰ ਸੌਂਪੀਆਂ। ਮੋਦੀ ਵੱਲੋਂ ਸ਼ੇਖ ਹਸੀਨਾ ਨੂੰ ਇਕ ਡੱਬਾ ਵੀ ਸੌਂਪਿਆ ਗਿਆ ਜੋ ਕਿ ਭਾਰਤ ਵੱਲੋਂ ਬੰਗਲਾਦੇਸ਼ ਨੂੰ ਦਿੱਤੀਆਂ ਜਾਣ ਵਾਲੀਆਂ 12 ਲੱਖ ਕੋਵਿਡ ਡੋਜ਼ਾਂ ਨੂੰ ਤੋਹਫ਼ੇ ਵਜੋਂ ਦਰਸਾਉਣ ਲਈ ਦਿੱਤਾ ਗਿਆ। ਹਸੀਨਾ ਨੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਨੂੰ ਸਮਰਪਿਤ ਕੀਤੇ ਗਏ ਸੋਨੇ ਤੇ ਚਾਂਦੀ ਦੇ ਸਿੱਕੇ ਮੋਦੀ ਨੂੰ ਸੌਂਪੇ। ਦੋਵਾਂ ਆਗੂਆਂ ਨੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ। -ਪੀਟੀਆਈ