ਕੈਨਬਰਾ, 10 ਅਕਤੂਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਆਸਟਰੇਲੀਆ ਦੌਰੇ ਦੌਰਾਨ ਉੱਥੋਂ ਦੇ ਰੱਖਿਆ ਮੰਤਰੀ ਰਿਚਰਡ ਮਾਰਲਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਵਧ ਰਿਹਾ ਰੱਖਿਆ-ਸੁਰੱਖਿਆ ਸਹਿਯੋਗ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ, ਖ਼ੁਸ਼ਹਾਲੀ ਤੇ ਨੇਮ ਆਧਾਰਿਤ ਵਿਵਸਥਾ ਯਕੀਨੀ ਬਣਾਏਗਾ। ਦੋਵਾਂ ਆਗੂਆਂ ਨੇ ਇਸ ਮੌਕੇ ਖੇਤਰੀ ਤੇ ਆਲਮੀ ਸੁਰੱਖਿਆ ਚੁਣੌਤੀਆਂ ਉਤੇ ਵੀ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦਾ ਹਮਲਾਵਰ ਰੁਖ਼ ਕਾਇਮ ਹੈ। ਜੈਸ਼ੰਕਰ ਨੇ ਇਸ ਮੌਕੇ ਆਸਟਰੇਲੀਆ ਦੇ ਰੱਖਿਆ ਮੰਤਰੀ ਨੂੰ ਇਕ ਕ੍ਰਿਕਟ ਬੈਟ ਵੀ ਭੇਂਟ ਕੀਤਾ ਜਿਸ ’ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਹਸਤਾਖ਼ਰ ਹਨ। ਜ਼ਿਕਰਯੋਗ ਹੈ ਕਿ ਭਾਰਤ ਤੇ ਆਸਟਰੇਲੀਆ ਸਣੇ ਅਮਰੀਕਾ ਅਤੇ ਦੁਨੀਆ ਦੇ ਹੋਰ ਮੁਲਕ ਹਿੰਦ-ਪ੍ਰਸ਼ਾਂਤ ਖੇਤਰ ’ਚ ਆਵਾਜਾਈ ਦੀ ਖੁੱਲ੍ਹ ਬਰਕਰਾਰ ਰੱਖਣ ਪ੍ਰਤੀ ਵਚਨਬੱਧ ਹਨ। ਇਸ ਖੇਤਰ ਵਿਚ ਚੀਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ, ਅਮਰੀਕਾ, ਆਸਟਰੇਲੀਆ ਤੇ ਜਾਪਾਨ ਨੇ ਕੁਆਡ ਗਰੁੱਪ ਦਾ ਗਠਨ ਵੀ ਕੀਤਾ ਹੈ। ਜੈਸ਼ੰਕਰ ਨੇ ਅੱਜ ਇੱਥੇ ਆਸਟਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਅਰ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨਾਲ ਇਕ ਸਾਂਝੀ ਮੀਡੀਆ ਕਾਨਫਰੰਸ ਵਿਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਿੱਖਿਆ ਖੇਤਰ ਵਿਚ ਆਸਟਰੇਲੀਆ ਨੂੰ ਭਾਈਵਾਲ ਬਣਾਉਣਾ ਚਾਹੁੰਦਾ ਹੈ। ਭਾਰਤ ਤੇ ਆਸਟਰੇਲੀਆ ਦੋਹਰੇ ਟੈਕਸ ਬਾਰੇ ਸਮਝੌਤੇ ਵਿਚ ਸੋਧ ਲਈ ਵੀ ਕਦਮ ਚੁੱਕ ਰਹੇ ਹਨ। ਇਸ ਤੋਂ ਪਹਿਲਾਂ ਅੱਜ ਭਾਰਤੀ ਵਿਦੇਸ਼ ਮੰਤਰੀ ਦਾ ਇੱਥੇ ਪਹੁੰਚਣ ’ਤੇ ‘ਤਿਰੰਗਾ ਸਵਾਗਤ’ ਕੀਤਾ ਗਿਆ। ਦੇਸ਼ ਦੀ ਪੁਰਾਣੀ ਸੰਸਦੀ ਇਮਾਰਤ ਨੂੰ ਰੌਸ਼ਨੀਆਂ ਨਾਲ ਤਿਰੰਗੇ ਦੇ ਰੰਗ ਵਿਚ ਰੰਗਿਆ ਗਿਆ। -ਪੀਟੀਆਈ
ਕੂਟਨੀਤਕ ਪਹੁੰਚ ਵਿੱਚ ਵਾਧੇ ਲਈ ਦੋਵੇਂ ਮੁਲਕ ਖੋਲ੍ਹਣਗੇ ਹੋਰ ਦੂਤਾਵਾਸ
ਭਾਰਤ ਤੇ ਆਸਟਰੇਲੀਆ ਨੇ ਇਕ-ਦੂਜੇ ਦੇ ਮੁਲਕਾਂ ਵਿਚ ਇਕ-ਇਕ ਹੋਰ ਦੂਤਾਵਾਸ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਆਸਟਰੇਲੀਆ ਬੰਗਲੂਰੂ ਵਿਚ ਆਪਣਾ ਦੂਤਾਵਾਸ ਖੋਲ੍ਹਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੁੰਬਈ, ਚੇਨੱਈ ਤੇ ਕੋਲਕਾਤਾ ਵਿਚ ਆਸਟਰੇਲਿਆਈ ਦੂਤਾਵਾਸ ਕਾਰਜਸ਼ੀਲ ਹਨ। ਜਦਕਿ ਭਾਰਤ ਦੇ ਆਸਟਰੇਲੀਆ ਵਿਚ ਚਾਰ ਦੂਤਾਵਾਸ- ਸਿਡਨੀ, ਮੈਲਬਰਨ, ਪਰਥ ਤੇ ਬ੍ਰਿਸਬਨ ਵਿਚ ਹਨ।
ਭਾਰਤ ਮੁਤਾਬਕ ਰੂਸ ਨਾਲ ਨੇੜਤਾ ਰਣਨੀਤਕ ਤੇ ਦੇਸ਼ ਹਿੱਤ ਵਿੱਚ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੀ ਆਸਟਰੇਲਿਆਈ ਹਮਰੁਤਬਾ ਪੈਨੀ ਵੌਂਗ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਰੂਸ ਤੇ ਭਾਰਤ ਦੇ ਰਿਸ਼ਤੇ ਕਾਫ਼ੀ ਪੁਰਾਣੇ ਹਨ ਤੇ ਇਹ ਸਪੱਸ਼ਟ ਤੌਰ ’ਤੇ ਨਵੀਂ ਦਿੱਲੀ ਦੇ ਹਿੱਤ ਵਿਚ ਹਨ। ਉਨ੍ਹਾਂ ਕਿਹਾ ਕਿ ਭਾਰਤ ਕੋਲ ਸੋਵੀਅਤ ਤੇ ਰੂਸੀ ਮੂਲ ਦੇ ਵੱਡੀ ਗਿਣਤੀ ਹਥਿਆਰ ਹਨ ਕਿਉਂਕਿ ਪੱਛਮੀ ਤਾਕਤਾਂ ਨੇ ਖੇਤਰ ਵਿਚ ਫ਼ੌਜੀ ਤਾਨਾਸ਼ਾਹੀ ਨੂੰ ਤਰਜੀਹ ਦਿੱਤੀ ਸੀ ਤੇ ਉਨ੍ਹਾਂ ਨੂੰ ਭਾਈਵਾਲ ਬਣਾਇਆ। ਉਨ੍ਹਾਂ ਵੇਲਿਆਂ ’ਚ ਦਹਾਕਿਆਂ ਤੱਕ ਪੱਛਮੀ ਮੁਲਕਾਂ ਨੇ ਭਾਰਤ ਨੂੰ ਹਥਿਆਰ ਨਹੀਂ ਦਿੱਤੇ।