ਇਸਲਾਮਾਬਾਦ, 29 ਨਵੰਬਰ
ਪਾਕਿਸਤਾਨ ਦੇ ਇੱਕ ਅਧਿਕਾਰ ਗਰੁੱਪ ਨੇ ਕਿਹਾ ਕਿ ਪੰਜਾਬ ਸੂਬੇ ’ਚ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਔਰਤਾਂ, ਖਾਸਕਰ ਘੱਟ ਉਮਰ ਦੀਆਂ ਲੜਕੀਆਂ ਦੇ ਕਥਿਤ ਜਬਰੀ ਧਰਮ ਪਰਿਵਰਤਨ ਦੇ 52 ਫ਼ੀਸਦੀ ਕੇਸ ਵਾਪਰੇ ਹਨ। ‘ਡਾਅਨ’ ਨਿਊਜ਼ ਦੀ ਰਿਪੋਰਟ ਮੁਤਾਬਕ ਸੈਂਟਰ ਫਾਰ ਸੋਸ਼ਲ ਜਸਟਿਸ (ਸੀਐੱਸਜੇ) ਨਾਂ ਦੀ ਸੰਸਥਾ ਵੱਲੋਂ ਇਹ ਖੁਲਾਸਾ ਸ਼ਨਿਚਰਵਾਰ ਨੂੰ ‘ਜਬਰੀ ਧਰਮ ਪਰਿਵਰਤਨ ਸ਼ਿਕਾਇਤਾਂ ਅਤੇ ਧਾਰਮਿਕ ਆਜ਼ਾਦੀ’ ਸਿਰਲੇਖ ਹੇਠ ਕਰਵਾਈ ਆਨਲਾਈਨ ਚਰਚਾ ਵਿੱਚ ਕੀਤਾ ਗਿਆ। ਸੀਐੱਸਜੇ ਨੇ ਦੱਸਿਆ ਕਿ 2013 ਤੋਂ 2020 ਦੌਰਾਨ ਜਬਰੀ ਧਰਮ ਤਬਦੀਲੀ ਦੇ 162 ਮਾਮਲੇ ਸਾਹਮਣੇ ਆਏ। ਸੀਐੈੱਸਜੇ ਦੇ ਅੰਕੜਿਆਂ ਮੁਤਾਬਕ ਪੰਜਾਬ ਤੋਂ ਇਲਾਵਾ ਅਜਿਹੀਆਂ 44 ਫ਼ੀਸਦੀ ਘਟਨਾਵਾਂ ਸੂਬਾ ਸਿੰਧ ’ਚ ਵਾਪਰੀਆਂ। -ਆਈਏਐੱਨਐੱਸ