ਪਿਸ਼ਾਵਰ, 9 ਨਵੰਬਰ
ਇੱਥੇ ਉੱਤਰ-ਪੱਛਮੀ ਪਾਕਿਸਤਾਨ ਵਿੱਚ ਪਿਛਲੇ ਵਰ੍ਹੇ ਮੁਸਲਿਮ ਕੱਟੜਵਾਦੀਆਂ ਦੀ ਭੀੜ ਵੱਲੋਂ ਢਾਹ ਦਿੱਤੇ ਗਏ ਮੰਦਰ ਦੀ ਮੁੜ ਉਸਾਰੀ ਮਗਰੋਂ ਅੱਜ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਪਿਛਲੇ ਵਰ੍ਹੇ ਦਸੰਬਰ ਵਿੱਚ ਖੈਬਰ ਪਖਤੂਨਖਵਾ ਦੇ ਇੱਕ ਪਿੰਡ ਵਿੱਚ ਸਥਿਤ ਇੱਕ ਸਦੀ ਪੁਰਾਣੇ ਸ੍ਰੀ ਪਰਮ ਹੰਸ ਜੀ ਮਹਾਰਾਜ ਮੰਦਰ ਨੂੰ ਜਮਾਇਤ ਉਲੇਮਾ-ਏ-ਇਸਲਾਮ ਫਜ਼ਲ ਨਾਲ ਸਬੰਧਤ ਕੁਝ ਸਥਾਨਕ ਮੌਲਵੀਆਂ ਦੀ ਅਗਵਾਈ ਹੇਠ ਮੁਸਲਿਮ ਕੱਟੜਪੰਥੀਆਂ ਦੀ ਭੀੜ ਨੇ ਇਸ ਮੰਦਰ ਨੂੰ ਢਾਹ ਦਿੱਤਾ ਸੀ। ਉਸ ਸਮੇਂ ਚੀਫ਼ ਜਸਟਿਸ ਅਹਿਮਦ ਨੇ ਅਧਿਕਾਰੀਆਂ ਨੂੰ ਮੰਦਰ ਦੀ ਮੁੜ ਉਸਾਰੀ ਦਾ ਹੁਕਮ ਦਿੰਦਿਆਂ ਉਨ੍ਹਾਂ ਨੂੰ ਹਮਲਾਵਰਾਂ ਤੋਂ ਮੁੜ ਉਸਾਰੀ ਦੇ ਕਾਰਜ ਲਈ ਪੈਸੇ ਉਗਰਾਹੁਣ ਲਈ ਕਿਹਾ ਸੀ।
‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਚੀਫ਼ ਜਸਟਿਸ ਅਹਿਮਦ ਨੇ ਮੁੜ ਉਸਾਰੇ ਗਏ ਮੰਦਰ ਵਿੱਚ ਦੀਵਾਲੀ ਮੌਕੇ ਕਰਵਾਏ ਗਏ ਇੱਕ ਸਮਾਗਮ ਵਿੱਚ ਹਿੱਸਾ ਲਿਆ ਤੇ ਹਿੰਦੂ ਭਾਈਚਾਰੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਚੀਫ਼ ਜਸਟਿਸ ਸ੍ਰੀ ਅਹਿਮਦ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਕਦਮ ਚੁੱਕੇ ਹਨ ਤੇ ਇਹ ਭਵਿੱਖ ’ਚ ਵੀ ਅਜਿਹਾ ਕਰਦੀ ਰਹੇਗੀ। ਇਸ ਮੌਕੇ ਹਿੰਦੂ ਭਾਈਚਾਰੇ ਨੇ ਚੀਫ਼ ਜਸਟਿਸ ਨੂੰ ਪੱਗ ਅਤੇ ਡਿਜੀਟਲ ਕੁਰਾਨ ਭੇਟ ਕੀਤੀ। ਇਸ ਮੌਕੇ ਪਾਕਿਸਤਾਨ ਹਿੰਦੂ ਕੌਂਸਿਲ ਦੇ ਮੁਖੀ ਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਡਾ. ਰਮੇਸ਼ ਕੁਮਾਰ ਵਾਂਕਵਾਨੀ ਨੇ ਚੀਫ਼ ਜਸਟਿਸ ਤੇ ਸੁਪਰੀਮ ਕੋਰਟ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। -ਪੀਟੀਆਈ
ਹਿੰਦੂ ਮੰਦਰ ਲਈ ਰੱਦ ਕੀਤੀ ਗਈ ਜ਼ਮੀਨ ਦੀ ਅਲਾਟਮੈਂਟ ਮੁੜ ਬਹਾਲ
ਇਸਲਾਮਾਬਾਦ: ਇੱਥੇ ਮੁਲਕ ਦੀ ਰਾਜਧਾਨੀ ਵਿੱਚ ਪਹਿਲੇ ਹਿੰਦੂ ਮੰਦਰ ਦੀ ਉਸਾਰੀ ਲਈ ਅਲਾਟ ਕੀਤੀ ਗਈ ਜ਼ਮੀਨ ਰੱਦ ਕਰਨ ਸਬੰਧੀ ਅਧਿਕਾਰੀਆਂ ਵੱਲੋਂ ਸੁਪਰੀਮ ਕੋਰਟ ’ਚ ਜਾਣਕਾਰੀ ਦਿੱਤੇ ਜਾਣ ਮਗਰੋਂ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਕੀਤੇ ਗਏ ਵਿਰੋਧ ਮਗਰੋਂ ਅਧਿਕਾਰੀਆਂ ਨੇ ਇਹ ਅਲਾਟਮੈਂਟ ਮੁੜ ਬਹਾਲ ਕਰ ਦਿੱਤੀ ਹੈ। ਇਸ ਸਬੰਧੀ ਸੀਡੀਏ ਨੇ ਬੀਤੇ ਦਿਨ ਇਸਲਾਮਾਬਾਦ ਹਾਈ ਕੋਰਟ ਵਿੱਚ ਪਲਾਟ ਰੱਦ ਹੋਣ ਬਾਰੇ ਦੱਸਿਆ ਸੀ। ਸੀਡੀਏ ਦੇ ਵਕੀਲ ਜਾਵੇਦ ਇਕਬਾਲ ਨੇ ਦੱਸਿਆ ਕਿ ਜ਼ਮੀਨ ’ਤੇ ਉਸਾਰੀ ਨਾ ਕੀਤੇ ਜਾਣ ਕਰਕੇ ਇਹ ਅਲਾਟਮੈਂਟ ਇਸ ਵਰ੍ਹੇ ਫਰਵਰੀ ’ਚ ਹੀ ਰੱਦ ਕਰ ਦਿੱਤੀ ਗਈ ਸੀ। ਇਸ ਦੌਰਾਨ ਅਲਾਟਮੈਂਟ ਰੱਦ ਹੋਣ ਸਬੰਧੀ ਖ਼ਬਰ ਦੇ ਨਸ਼ਰ ਹੋਣ ’ਤੇ ਸੀਡੀਏ ਨੂੰ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨ ਮਗਰੋਂ ਅਲਾਟਮੈਂਟ ਰੱਦ ਹੋਣ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ। -ਪੀਟੀਆਈ