ਕਾਠਮੰਡੂ, 3 ਨਵੰਬਰ
ਨੇਪਾਲ ਦੇ ਕੇਂਦਰੀ ਨਵਲਪੁਰ ਜ਼ਿਲ੍ਹੇ ਵਿੱਚ ਭਾਰਤੀ ਮਦਦ ਨਾਲ ਇੱਕ ਸਕੂਲ ਦੀ ਊਸਾਰੀ ਇਮਾਰਤ ਦਾ ਊਦਘਾਟਨ ਕੀਤਾ ਗਿਆ। ਜ਼ਿਲ੍ਹੇ ਦੇ ਦੇਵਚੂਲੀ ਵਿੱਚ ਭੀਮਸੈਨ ਆਦਰਸ਼ ਹਾਇਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਊਸਾਰਨ ਲਈ ਭਾਰਤ ਸਰਕਾਰ ਵੱਲੋਂ 2.583 ਕਰੋੜ ਰੁਪਏ ਦੀ ਵਿੱਤੀ ਮਦਦ ਕੀਤੀ ਗਈ ਹੈ। ਕਾਠਮੰਡੂ ਵਿੱਚ ਭਾਰਤੀ ਸਫ਼ਾਰਤਖ਼ਾਨੇ ਦੇ ਨੁਮਾਇੰਦਿਆਂ, ਜ਼ਿਲ੍ਹਾ ਕੋਆਰਡੀਨੇਸ਼ਨ ਕਮੇਟੀ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਥਾਨਕ ਆਗੂਆਂ ਵੱਲੋਂ ਨਵੀਂ ਇਮਾਰਤ ਦਾ ਊਦਘਾਟਨ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਸਾਂਝੇ ਤੌਰ ’ਤੇ ਕੀਤਾ ਗਿਆ। ਤਿੰਨ ਮੰਜ਼ਿਲਾ ਇਮਾਰਤ ਵਿੱਚ 16 ਕਲਾਸ ਰੂਮ, ਪ੍ਰਯੋਗਸ਼ਾਲਾਵਾਂ, ਪ੍ਰਬੰਧਕੀ ਅਤੇ ਕਰਮਚਾਰੀ ਰੂਮ, ਮੀਟਿੰਗ ਹਾਲ, ਕੰਟੀਨ, ਮੈਡੀਕਲ ਰੂਮ ਆਦਿ ਸ਼ਾਮਲ ਹਨ। ਭੀਮਸੈਨ ਆਦਰਸ਼ ਹਾਇਰ ਸੈਕੰਡਰੀ ਸਕੂਲ (ਸਾਲ 1969) ਵਿੱਚ 12ਵੀਂ ਤੱਕ ਪੜ੍ਹਾਈ ਹੁੰਦੀ ਹੈ।
-ਪੀਟੀਆਈ