ਵਾਸ਼ਿੰਗਟਨ, 14 ਫਰਵਰੀ
ਭਾਰਤੀ ਪਰਵਾਸੀਆਂ ਨਾਲ ਜੁੜੇ ਸੰਗਠਨਾਂ ਦੇ ਇਕ ਸਮੂਹ ਨੇ ਭਾਰਤ ਵਿੱਚ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਦੀ ਹਮਾਇਤ ’ਚ ਅੱਜ ਵੈਲੇਨਟਾਈਨ ਡੇਅ ਮੌਕੇ ਗੁਲਾਬ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਗਲੋਬਲ ਇੰਡੀਅਨ ਪ੍ਰੋਗਰੈਸਿਵ ਡਾਇਸਪੋਰਾ (ਜੀਆਈਪੀਡੀ) ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰਕੇ ਜਾਂ ਫਿਰ ਇਕ ਗੁਲਾਬ ਭੇਜ ਕੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਬਾਰੇ ਆਖਿਆ ਜਾਵੇ। ਜਾਂ ਫਿਰ ਆਪਣੇ ਸਬੰਧਤ ਖੇਤਰ ਵਿੱਚ ਭਾਰਤੀ ਅੰਬੈਸੀ/ਜਨਰਲ ਕੌਂਸੁਲੇਟ ਵਿੱਚ ਗੁਲਾਬ ਭੇਜ ਕੇ ਭਾਰਤ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕੀਤਾ ਜਾਵੇ।’ ਸੰਸਥਾ ਨੇ ਆਪਣੀ ‘ਲਵ ਕੌਂਕਰਜ਼ ਹੇਟ’ (ਪਿਆਰ ਨਾਲ ਨਫ਼ਰਤ ਨੂੰ ਜਿੱਤਿਆ ਜਾ ਸਕਦਾ ਹੈ) ਮੁਹਿੰਮ ਦੀ ਕੜੀ ਵਿੱਚ ਭਾਰਤੀ ਕੌਂਸੁਲੇਟਾਂ ਦੇ ਨਾਂ ਪੱਤਰ ਵੀ ਜਾਰੀ ਕੀਤਾ ਹੈ। ਪੱਤਰ ਵਿੱਚ ਕਾਲੇ ਤੇ ਵਿਵਾਦਿਤ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨਾਂ ਦੇ ਇਸ ਅੰਦੋਲਨ ਨੂੰ ਹਮਾਇਤ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਦੀ ਇਹ ਜਾਇਜ਼ ਮੰਗ ਸੁਣੀ ਜਾ ਸਕੇ। ਚੇਤੇ ਰਹੇ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ’ਤੇ ਲੀਕ ਮਾਰਨ ਤੇ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਲਾਏ ਮੋਰਚਿਆਂ ’ਚ ਡਟੇ ਹੋਏ ਹਨ। -ਪੀਟੀਆਈ