ਮੈਲਬਰਨ, 25 ਨਵੰਬਰ
ਨਿਊਜ਼ੀਲੈਂਡ ਵਿਚ ਨਵੇਂ ਚੁਣੇ ਗਏ ਸੰਸਦ ਮੈਂਬਰ ਭਾਰਤੀ ਮੂਲ ਦੇ ਡਾ. ਗੌਰਵ ਸ਼ਰਮਾ (33) ਨੇ ਅੱਜ ਦੇਸ਼ ਦੀ ਸੰਸਦ ਵਿਚ ਸੰਸਕ੍ਰਿਤ ਵਿਚ ਸਹੁੰ ਚੁੱਕੀ। ਸ਼ਰਮਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਉਹ ਲੇਬਰ ਪਾਰਟੀ ਦੀ ਟਿਕਟ ’ਤੇ ਹੈਮਿਲਟਨ ਪੱਛਮੀ ਸੀਟ ਤੋਂ ਚੁਣੇ ਗਏ ਹਨ। ਨਿਊਜ਼ੀਲੈਂਡ ਵਿਚ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਪ੍ਰਦੇਸ਼ੀ ਨੇ ਟਵੀਟ ਕੀਤਾ ਕਿ ਪਹਿਲਾਂ ਗੌਰਵ ਨੇ ਮੂਲ ਵਾਸੀਆਂ ਦੀ ਭਾਸ਼ਾ ਮਾਓਰੀ ਵਿਚ ਹਲਫ਼ ਲਿਆ ਤੇ ਇਸ ਤੋਂ ਬਾਅਦ ਪੁਰਾਤਨ ਭਾਰਤੀ ਭਾਸ਼ਾ ਸੰਸਕ੍ਰਿਤ ਵਿਚ ਸਹੁੰ ਚੁੱਕੀ। ਸ਼ਰਮਾ ਨੇ ਆਕਲੈਂਡ ਤੋਂ ਐਮਬੀਬੀਐੱਸ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਵਾਸ਼ਿੰਗਟਨ ਤੋਂ ਐਮਬੀਏ ਦੀ ਡਿਗਰੀ ਕੀਤੀ। ਹੈਮਿਲਟਨ ਵਿਚ ਉਹ ਜਨਰਲ ਪ੍ਰੈਕਟੀਸ਼ਨਰ ਵਜੋਂ ਸੇਵਾਵਾਂ ਦੇ ਰਹੇ ਹਨ। ਇਸ ਤੋਂ ਪਹਿਲਾਂ ਉਹ ਜਨਤਕ ਸਿਹਤ, ਨੀਤੀ ਨਿਰਧਾਰਨ ਤੇ ਮੈਡੀਸਨ ਖੇਤਰ ਨਾਲ ਵੀ ਜੁੜੇ ਰਹੇ ਹਨ। ਟਵਿੱਟਰ ਉਤੇ ਜਦ ਇਕ ਯੂਜ਼ਰ ਨੇ ਸ਼ਰਮਾ ਨੂੰ ਪੁੱਛਿਆ ਕਿ ਉਨ੍ਹਾਂ ਹਿੰਦੀ ਵਿਚ ਸਹੁੰ ਕਿਉਂ ਨਹੀਂ ਚੁੱਕੀ ਤਾਂ ਸ਼ਰਮਾ ਨੇ ਕਿਹਾ ਕਿ ਸਾਰਿਆਂ ਨੂੰ ਖ਼ੁਸ਼ ਕਰਨਾ ਬੜਾ ਔਖਾ ਹੈ, ਇਸ ਲਈ ਉਨ੍ਹਾਂ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਸਿਜਦਾ ਕਰਦਿਆਂ ਸੰਸਕ੍ਰਿਤ ਵਿਚ ਸਹੁੰ ਚੁੱਕਣ ਦਾ ਫ਼ੈਸਲਾ ਲਿਆ ਸੀ।
-ਪੀਟੀਆਈ