ਗੁਰਚਰਨ ਸਿੰਘ ਕਾਹਲੋਂ
ਸਿਡਨੀ, 27 ਜੂਨ
ਆਸਟਰੇਲੀਆ ਵਿੱਚ ਕਰੋਨਾਵਾਇਰਸ ਦੇ ਨਵੇਂ ਰੂਪ ਡੈਲਟਾ ਨੇ ਆਪਣੇ ਪੈਰ ਪਸਾਰ ਲਏ ਹਨ। ਇਸ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਕਦਮ ਪੁੱਟੇ ਜਾ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਨੇ ਆਪਣੀਆਂ ਸਰਹੱਦਾਂ ਨੂੰ ਮੁੜ ਤੋਂ ਸੀਲ ਕਰ ਦਿੱਤਾ ਹੈ। ਮੁਲਕ ਦੀ ਸਭ ਤੋਂ ਵੱਧ ਵਸੋਂ ਵਾਲੇ ਰਾਜ ਨਿਊ ਸਾਊਥ ਵੇਲਜ਼ ਦੇ ਸ਼ਹਿਰ ਸਿਡਨੀ ਵਿਚ ਦੋ ਹਫ਼ਤੇ ਲਈ ਤਾਲਾਬੰਦੀ ਕਰ ਦਿੱਤੀ ਗਈ ਹੈ। ਪਿਛਲੇ ਹਫ਼ਤੇ ਮੈਲਬਰਨ ਤੋਂ ਬਾਅਦ ਹੁਣ ਸਿਡਨੀ ਨੂੰ ਨਵੇਂ ਵਾਇਰਸ ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਡਨੀ ਦੇ ਉੱਤਰੀ ਤੇ ਪੱਛਮੀ ਖੇਤਰ ਵਿੱਚ 14 ਦਿਨਾਂ ਲਈ 9 ਜੁਲਾਈ ਤੱਕ ਅੱਜ ਸ਼ਾਮ ਤੋਂ ਤਾਲਾਬੰਦੀ ਦੇ ਹੁਕਮ ਹਨ। ਸੂਬੇ ਦੀ ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ ਕਿਹਾ ਕਿ ਅਸੀਂ ਇੱਕ ਹੋਰ ਨਵੀਂ ਕਿਸਮ ਦੇ ਵਾਇਰਸ ਡੈਲਟਾ ਦਾ ਸਾਹਮਣਾ ਕਰ ਰਹੇ ਹਾਂ। ਇਸ ਨੂੰ ਵੱਧ ਮਾਰੂ ਤੇ ਤੇਜ਼ੀ ਨਾਲ ਫੈਲਣ ਵਾਲਾ ਰੂਪ ਮੰਨਿਆ ਜਾ ਰਿਹਾ ਹੈ। ਲੌਕਡਾਊਨ ਲਾਉਣ ਵਿੱਚ ਹੋਈ ਦੇਰੀ ਦੇ ਉੱਠੇ ਮੁੱਦੇ ਉੱਤੇ ਆਪਣਾ ਬਚਾਅ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੱਕ ਵੱਡਾ ਫ਼ੈਸਲਾ ਜਿਸ ਨਾਲ ਬਹੁਤ ਲੋਕਾਂ ਦਾ ਜਨਜੀਵਨ ਤੇ ਆਰਥਿਕਤਾ ਜੁੜੀ ਹੋਵੇ, ਬਾਰੇ ਸਿਹਤ ਮਾਹਿਰ ਤੇ ਹੋਰਨਾਂ ਦੀ ਰਾਇ ਨਾਲ ਹੀ ਫ਼ੈਸਲਾ ਲਿਆ ਜਾ ਸਕਦਾ ਹੈ। ਅੱਜ ਸਥਾਨਕ ਤੌਰ ’ਤੇ 30 ਨਵੇਂ ਕੇਸਾਂ ਦੀ ਰਿਪੋਰਟ ਆਉਣ ਤੋਂ ਬਾਅਦ 16 ਜੂਨ ਤੋਂ ਸ਼ੁਰੂ ਹੋਏ ਡੈਲਟਾ ਵੇਰੀਐਂਟ ਦੇ ਹੁਣ ਤੱਕ 112 ਮਾਮਲੇ ਸਾਹਮਣੇ ਆ ਚੁੱਕੇ ਹਨ।