ਲਾਹੌਰ, 21 ਫਰਵਰੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਣਜ ਬਾਰੇ ਸਲਾਹਕਾਰ ਅਬਦੁੱਲ ਰਜ਼ਾਕ ਦਾਊਦ ਨੇ ਭਾਰਤ ਨਾਲ ਵਪਾਰ ਮੁੜ ਤੋਂ ਸ਼ੁਰੂ ਕਰਨ ਦੀ ਵਕਾਲਤ ਕੀਤੀ ਹੈ। ਜੰਮੂ ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਮਨਸੂਖ ਕਰਨ ਮਗਰੋਂ ਇਸਲਾਮਾਬਾਦ ਨੇ ਅਗਸਤ 2019 ’ਚ ਭਾਰਤ ਨਾਲ ਵਪਾਰਕ ਸਬੰਧ ਤੋੜ ਲਏ ਸਨ। ‘ਡਾਅਨ ਨਿਊਜ਼’ ਨੇ ਦਾਊਦ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨਾਲ ਵਪਾਰ ਸਮੇਂ ਦੀ ਲੋੜ ਹੈ ਅਤੇ ਇਹ ਦੋਵੇਂ ਮੁਲਕਾਂ ਲਈ ਲਾਹੇਵੰਦ ਹੈ। ‘ਜਿਥੋਂ ਤੱਕ ਵਣਜ ਮੰਤਰਾਲੇ ਦਾ ਸਬੰਧ ਹੈ, ਉਹ ਭਾਰਤ ਨਾਲ ਵਪਾਰ ਚਾਹੁੰਦਾ ਹੈ। ਮੇਰਾ ਵੀ ਸਟੈਂਡ ਹੈ ਕਿ ਸਾਨੂੰ ਭਾਰਤ ਨਾਲ ਵਪਾਰ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹੁਣ ਇਸ ਨੂੰ ਖੋਲ੍ਹਣਾ ਚਾਹੀਦਾ ਹੈ।’ ਦਾਊਦ ਦੇ ਬਿਆਨ ਨਾਲ ਪਾਕਿਸਤਾਨ ਅਤੇ ਭਾਰਤ ਵਿਚਕਾਰ ਦੁਵੱਲੇ ਵਪਾਰਕ ਸਬੰਧ ਅੰਸ਼ਕ ਤੌਰ ’ਤੇ ਮੁੜ ਬਹਾਲ ਹੋਣ ਦੀ ਆਸ ਬੱਝ ਗਈ ਹੈ। ਪਾਕਿਸਤਾਨ ਦੀ ਆਰਥਿਕ ਤਾਲਮੇਲ ਕਮੇਟੀ ਨੇ ਮਾਰਚ 2021 ’ਚ ਖੰਡ ਅਤੇ ਕਪਾਹ ਦੀ ਭਾਰਤ ਤੋਂ ਬਰਾਮਦ ਉਤੋਂ ਪਾਬੰਦੀ ਹਟਾ ਲਈ ਸੀ। ਉਂਜ ਇਸ ਫ਼ੈਸਲੇ ਨੂੰ ਫੌਰੀ ਵਾਪਸ ਲੈ ਲਿਆ ਗਿਆ ਸੀ ਕਿਉਂਕਿ ਪਾਕਿਸਤਾਨ ਦੇ ਵਿੱਤ ਮੰਤਰਾਲੇ ਵੱਲੋਂ ਹੋਰ ਧਿਰਾਂ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਸੀ। -ਪੀਟੀਆਈ