ਇਸਲਾਮਾਬਾਦ, 4 ਅਪਰੈਲ
ਮੁੱਖ ਅੰਸ਼
- ਇਮਰਾਨ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਗੁਲਜ਼ਾਰ ਅਹਿਮਦ ਦਾ ਨਾਂ ਸੁਝਾਇਆ
- ਸੁਪਰੀਮ ਕੋਰਟ ਵਿੱਚ ਮਾਮਲੇ ’ਤੇ ਅੱਜ ਵੀ ਜਾਰੀ ਰਹੇਗੀ ਸੁਣਵਾਈ
ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਵੱਲੋਂ ਰੱਦ ਕੀਤੇ ਗਏ ਬੇਭਰੋਸਗੀ ਮਤੇ ਉਤੇ ਅੱਜ ਪਾਕਿਸਤਾਨ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਇਸ ਮੁੱਦੇ ਉਤੇ ਭਲਕੇ ਵੀ ਸੁਣਵਾਈ ਜਾਰੀ ਰੱਖਣ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਸਪੀਕਰ ਵੱਲੋਂ ਬੇਭਰੋਸਗੀ ਮਤੇ ’ਤੇ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤੇ ਮਗਰੋਂ ਸੰਸਦ ਵੀ ਭੰਗ ਕਰ ਦਿੱਤੀ ਗਈ ਸੀ। ਸੁਪਰੀਮ ਕੋਰਟ ਦੇ ਇਕ ਵੱਡੇ ਬੈਂਚ ਨੇ ਅੱਜ ਇਸ ਮਾਮਲੇ ਉਤੇ ਸੁਣਵਾਈ ਕੀਤੀ। ਇਸੇ ਦੌਰਾਨ ਅੱਜ ਰਾਸ਼ਟਰਪਤੀ ਆਰਿਫ਼ ਅਲਵੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਯੋਗ ਵਿਅਕਤੀਆਂ ਦੇ ਨਾਵਾਂ ਦੀ ਤਜਵੀਜ਼ ਭੇਜਣ। ਇਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਸਾਬਕਾ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦਾ ਨਾਂ ਸੁਝਾਇਆ ਹੈ। ਅਲਵੀ ਨੇ ਕਿਹਾ ਕਿ ਸੰਵਿਧਾਨਕ ਤਜਵੀਜ਼ਾਂ ਅਨੁਸਾਰ ਕੌਮੀ ਅਸੈਂਬਲੀ ਤੇ ਕੈਬਨਿਟ ਐਤਵਾਰ ਨੂੰ ਹੀ ਭੰਗ ਹੋ ਚੁੱਕੀ ਹੈ। ਪਾਕਿਸਤਾਨ ਦਾ ਸੰਵਿਧਾਨ ਰਾਸ਼ਟਰਪਤੀ ਨੂੰ ਚੋਣਾਂ ਹੋਣ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਲਾਉਣ ਦੀ ਤਾਕਤ ਦਿੰਦਾ ਹੈ। ਪਰ ਇਸ ਲਈ ਰਾਸ਼ਟਰਪਤੀ ਨੂੰ ਪਹਿਲਾਂ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਨਾਲ ਤਾਲਮੇਲ ਕਰਨਾ ਪੈਂਦਾ ਹੈ। ਰਾਸ਼ਟਰਪਤੀ ਅਲਵੀ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਐਲਾਨ ਕੀਤਾ ਕਿ ਕਿਸੇ ਹੋਰ ਆਗੂ ਦੀ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਤੱਕ ਇਮਰਾਨ ਖਾਨ ਹੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਅਸੈਂਬਲੀ ਵਿਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਹੁਦੇ ਤੋਂ ਹਟਾਉਣ ਲਈ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਵਿਚਾਰਨ ਯੋਗ ਨਹੀਂ ਹੈ ਕਿਉਂਕਿ ਇਹ ਕਥਿਤ ਤੌਰ ’ਤੇ ਵਿਦੇਸ਼ੀ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ। ਇਸ ਕੇਸ ਵਿਚ ਰਾਸ਼ਟਰਪਤੀ ਅਲਵੀ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਧਿਰ ਬਣਾਇਆ ਗਿਆ ਹੈ। ਡਿਪਟੀ ਸਪੀਕਰ ਵੱਲੋਂ ਸੁਣਾਏ ਗਏ ਫ਼ੈਸਲੇ ’ਤੇ ਅੱਜ ਸਰਕਾਰ ਤੇ ਵਿਰੋਧੀ ਧਿਰ ਦੇ ਵਕੀਲਾਂ ਨੇ ਆਪੋ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਸੁਣਵਾਈ ਦੌਰਾਨ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੇ ਪੂਰੇ ਬੈਂਚ ਦੇ ਗਠਨ ਬਾਰੇ ਵਿਰੋਧੀ ਧਿਰ ਦੀ ਅਪੀਲ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਉਹ ਪਹਿਲਾਂ ਸਾਰੀਆਂ ਧਿਰਾਂ ਦੇ ਪ੍ਰਤੀਨਿਧੀਆਂ ਦਾ ਪੱਖ ਸੁਣਨਗੇ। ਇਸ ਤੋਂ ਬਾਅਦ ਸੁਣਵਾਈ ਭਲਕੇ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਕਈ। ਇਸ ਦੌਰਾਨ ਮੁਲਕ ਦੇ ਕੌਮੀ ਸੁਰੱਖਿਆ ਸਲਾਹਕਾਰ ਮੋਈਦ ਯੂਸਫ਼ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। -ਪੀਟੀਆਈ
ਵਿਰੋਧੀ ਧਿਰ ਨੇ ‘ਆਪਣਾ ਹੀ ਸੈਸ਼ਨ’ ਚਲਾ ਬੇਭਰੋਸਗੀ ਮਤਾ ‘ਪਾਸ’ ਕੀਤਾ
ਇਕ ਨਾਟਕੀ ਘਟਨਾਕ੍ਰਮ ਵਿਚ ਅੱਜ ਪਾਕਿਸਤਾਨ ਦੀ ਵਿਰੋਧੀ ਧਿਰ ਨੇ ਸੰਸਦ ਵਿਚ ‘ਆਪਣਾ ਹੀ ਸੈਸ਼ਨ’ ਚਲਾ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਬੇਭਰੋਸਗੀ ਮਤਾ ਪਾਸ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ 200 ਵੋਟਾਂ ਦੇ ਫ਼ਰਕ ਨਾਲ ਬੇਭਰੋਸਗੀ ਮਤੇ ਤੇ ‘ਸਫ਼ਲ ਰਹਿਣ’ ਦਾ ਐਲਾਨ ਕਰ ਦਿੱਤਾ। ਵਿਰੋਧੀ ਧਿਰ ਨੇ ਇਸ ਪ੍ਰਕਿਰਿਆ ਨੂੰ ‘ਕਾਨੂੰਨੀ ਤੇ ਜਾਇਜ਼’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮਤੇ ਦੇ ਹੱਕ ਵਿਚ 197 ਵੋਟਾਂ ਪਈਆਂ ਹਨ। ਇਸ ਵੋਟਿੰਗ ਦੇ ਨਤੀਜਿਆਂ ਦਾ ਐਲਾਨ ਮੁਸਲਿਮ ਲੀਗ-ਨਵਾਜ਼ ਦੇ ਆਗੂ ਤੇ ਸਾਬਕਾ ਸਰਦਾਰ ਅਯਾਜ਼ ਸਾਦਿਕ ਨੇ ਕੀਤਾ। ਉਨ੍ਹਾਂ ਹੀ ਸਦਨ ਦੀ ਕਾਰਵਾਈ ਚਲਾਈ ਸੀ। ਸੈਸ਼ਨ ਦੌਰਾਨ ਪੀਟੀਆਈ ਪਾਰਟੀ ਦੇ ਸਾਬਕਾ ਸਾਥੀਆਂ ਤੇ ਪੀਟੀਆਈ ਦੇ ਬਾਗੀ ਮੈਂਬਰਾਂ ਨੇ ਮਤੇ ਦੇ ਹੱਕ ਵਿਚ ਵੋਟ ਪਾਈ। ਮਤਾ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੇ ਪੇਸ਼ ਕੀਤਾ ਸੀ। ਸੁਪਰੀਮ ਕੋਰਟ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਇਮਰਾਨ ਖਾਨ ਦੇ ਇਕ ਨੇੜਲੇ ਸਹਿਯੋਗੀ ਨੇ ਕਿਹਾ ਕਿ ਡਿਪਟੀ ਸਪੀਕਰ ਨੇ ਸਾਰੀ ਕਾਰਵਾਈ ਸੰਵਿਧਾਨਕ ਪ੍ਰਕਿਰਿਆ ਦਾ ਪਾਲਣ ਕਰ ਕੇ ਹੀ ਕੀਤੀ ਸੀ। ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਹੀ ਸੁਪਰੀਮ ਕੋਰਟ ਨੂੰ ਦਖ਼ਲ ਦੇਣ ਲਈ ਕਿਹਾ ਸੀ।